ਅਫੀਮ ਸਮਗਲਿੰਗ ਦੇ ਦੋਸ਼ 'ਚ ਪਤੀ-ਪਤਨੀ ਨੂੰ ਅਦਾਲਤ ਨੇ ਸੁਣਾਈ 10-10 ਸਾਲ ਕੈਦ ਦੀ ਸਜ਼ਾ

Last Updated: Jul 12 2018 15:41

ਕਰੀਬ ਚਾਰ ਸਾਲ ਪਹਿਲਾਂ 9 ਕਿੱਲੋ ਅਫੀਮ ਸਮੇਤ ਜ਼ਿਲ੍ਹਾ ਪੁਲਿਸ ਵੱਲੋਂ ਚੈਕਿੰਗ ਦੌਰਾਨ ਕਾਬੂ ਕੀਤੇ ਗਏ ਕਾਰ ਸਵਾਰ ਪਤੀ-ਪਤਨੀ ਨੂੰ ਅਫੀਮ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਦੋਨਾਂ ਪਤੀ-ਪਤਨੀ ਨੂੰ ਇੱਕ-ਇੱਕ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਜਦਕਿ ਇਸ ਮਾਮਲੇ 'ਚ ਨਾਮਜ਼ਦ ਆਰੋਪੀ ਅਮਰਜੀਤ ਸਿੰਘ ਦੀ ਮਾਂ ਪ੍ਰਕਾਸ਼ ਕੌਰ ਦੀ ਕੇਸ ਦੀ ਸੁਣਵਾਈ ਦੌਰਾਨ ਜਨਵਰੀ 2015 'ਚ ਮੌਤ ਹੋ ਚੁੱਕੀ ਹੈ। ਕਾਬੂ ਕੀਤੇ ਆਰੋਪੀ ਅਮਰਜੀਤ ਸਿੰਘ ਅਤੇ ਉਸਦੀ ਪਤਨੀ ਸੰਦੀਪ ਕੌਰ ਵਾਸੀ ਆਦਰਸ਼ ਨਗਰ, ਜਲੰਧਰ ਨੂੰ ਅਫੀਮ ਸਣੇ ਕਾਬੂ ਕਰਨ ਬਾਅਦ ਦਿਹਾਤੀ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਨਸ਼ਾ ਤਸਕਰੀ ਕਰਨ ਦੇ ਦੋਸ਼ 'ਚ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਮਿਲੀ ਜਾਣਕਾਰੀ ਦੇ ਮੁਤਾਬਕ ਥਾਣਾ ਸਦਰ ਜਗਰਾਉਂ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਗੁਪਤ ਸੂਚਨਾ ਮਿਲਣ ਦੇ ਚੱਲਦੇ 18 ਦਸੰਬਰ 2014 ਨੂੰ ਗਾਲਿਬ ਚੌਂਕ ਕੋਲ ਲਗਾਏ ਗਏ ਨਾਕੇ ਦੌਰਾਨ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪਿੰਡ ਕੋਕਰੀ ਕਲਾਂ ਵਾਲੀ ਸਾਈਡ ਤੋਂ ਆ ਰਹੀ ਇੱਕ ਮਾਰੂਤੀ ਕਾਰ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕਿੰਗ ਕੀਤੀ ਗਈ। ਕਾਰ ਦੀ ਤਲਾਸ਼ੀ ਲੈਣ ਤੇ ਪੁਲਿਸ ਨੂੰ ਕਾਰ 'ਚ ਸਵਾਰ ਵਿਅਕਤੀਆਂ ਦੇ ਕਬਜ਼ੇ 'ਚੋਂ ਵੱਡੀ ਮਾਤਰਾ 'ਚ 9 ਕਿੱਲੋ ਅਫੀਮ ਬਰਾਮਦ ਹੋਈ ਸੀ।

ਜਿਸਦੇ ਬਾਅਦ ਕਾਬੂ ਕੀਤੇ ਕਾਰ ਸਵਾਰਾਂ ਦੀ ਪਹਿਚਾਣ ਅਮਰਜੀਤ ਸਿੰਘ, ਉਸਦੀ ਪਤਨੀ ਸੰਦੀਪ ਕੌਰ ਅਤੇ ਉਸਦੀ ਮਾਂ ਪ੍ਰਕਾਸ਼ ਕੌਰ ਵਜੋਂ ਹੋਈ ਸੀ। ਬਾਅਦ 'ਚ ਪੁਲਿਸ ਵੱਲੋਂ ਤਿੰਨਾਂ ਨੂੰ ਅਫੀਮ ਅਤੇ ਕਾਰ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਨ ਬਾਅਦ ਅਦਾਲਤ 'ਚ ਪੇਸ਼ ਕਰਕੇ ਸੈਂਟਰਲ ਜੇਲ੍ਹ ਲੁਧਿਆਣਾ ਭੇਜ ਦਿੱਤਾ ਗਿਆ ਸੀ।

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰ ਪਾਲ ਦੀ ਅਦਾਲਤ ਨੇ ਪੁਲਿਸ ਵੱਲੋਂ ਪੇਸ਼ ਕੀਤੇ ਸਬੂਤਾਂ ਅਤੇ ਉਕਤ ਮੁਲਜ਼ਮਾਂ ਦੇ ਖ਼ਿਲਾਫ਼ ਲਗਾਏ ਗਏ ਨਸ਼ਾ ਤਸਕਰੀ ਦੇ ਦੋਸ਼ਾਂ ਨੂੰ ਸਹੀ ਠਹਿਰਾਉਂਦੇ ਹੋਏ ਅਮਰਜੀਤ ਸਿੰਘ ਅਤੇ ਸੰਦੀਪ ਕੌਰ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਇਸ ਤੋਂ ਇਲਾਵਾ ਦੋਨਾਂ ਨੂੰ ਇੱਕ-ਇੱਕ ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਉਕਤ ਆਰੋਪੀਆਂ ਨੇ ਅਦਾਲਤ ਅੱਗੇ ਖੁਦ ਨੂੰ ਬੇਕਸੂਰ ਦੱਸਦੇ ਹੋਏ ਪੁਲਿਸ ਵੱਲੋਂ ਝੂਠੇ ਮਾਮਲੇ 'ਚ ਫਸਾਉਣ ਦੀ ਦਲੀਲ ਦਿੱਤੀ, ਪਰ ਉਹ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਸਬੰਧੀ ਕੋਈ ਦਲੀਲ ਜਾਂ ਤੱਥ ਪੇਸ਼ ਨਹੀਂ ਕਰ ਸਕੇ, ਜਿਸਦੇ ਚੱਲਦੇ ਅਦਾਲਤ ਵੱਲੋਂ ਉਨ੍ਹਾਂ ਨੂੰ ਸਖਤ ਸਜ਼ਾ ਸੁਣਾਈ ਗਈ ਹੈ।