ਹੋਟਲਾਂ ਅਤੇ ਢਾਬਿਆਂ 'ਤੇ ਲਗਾਏ ਜਾਣ ਨਸ਼ਾ ਛੁਡਾਊ ਕੇਂਦਰਾਂ ਸਬੰਧੀ ਫਲੈਕਸ ਬੋਰਡ: ਡਾ. ਨਯਨ ਭੁੱਲਰ

Last Updated: Jul 12 2018 14:56

ਐਸ.ਡੀ.ਐਮ ਕਪੂਰਥਲਾ ਡਾ. ਨਯਨ ਭੁੱਲਰ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ 'ਡੈਪੋ' ਮੁਹਿੰਮ ਅਧੀਨ ਹੋਟਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਡਾ. ਭੁੱਲਰ ਨੇ ਹੋਟਲ ਮਾਲਕਾਂ ਨੂੰ 'ਡੈਪੋ' ਮੁਹਿੰਮ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਇਸ ਮੁਹਿੰਮ 'ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਉਨ੍ਹਾਂ ਹੋਟਲ ਮਾਲਕਾਂ ਨੂੰ ਜਨਤਾ ਦੀ ਜਾਗਰੂਕਤਾ ਲਈ ਹੋਟਲਾਂ ਅਤੇ ਢਾਬਿਆਂ ਵਿੱਚ ਸ਼ਹਿਰ ਦੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਬਾਰੇ ਪੂਰਨ ਜਾਣਕਾਰੀ ਮੁਹੱਈਆ ਕਰਵਾਉਂਦੇ ਫਲੈਕਸ ਬੋਰਡ ਲਾਉਣ ਲਈ ਕਿਹਾ ਤਾਂ ਜੋ ਉੱਥੇ ਆਉਂਦੇ ਲੋਕ ਇਨ੍ਹਾਂ ਕੇਂਦਰਾਂ ਪ੍ਰਤੀ ਜਾਗਰੂਕ ਹੋ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਫਲੈਕਸ ਬੋਰਡ ਐਸ. ਡੀ. ਐਮ ਦਫ਼ਤਰ ਅਤੇ ਹੋਰਨਾਂ ਜਨਤਕ ਥਾਵਾਂ 'ਤੇ ਵੀ ਲਗਾਏ ਗਏ ਹਨ, ਜਿਨ੍ਹਾਂ 'ਤੇ ਨਸ਼ਾ ਛੁਡਾਊ ਕੇਂਦਰਾਂ ਬਾਰੇ ਸੰਪਰਕ ਨੰਬਰਾਂ ਸਹਿਤ ਸਮੁੱਚੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 'ਡੈਪੋ' ਪ੍ਰੋਗਰਾਮ ਅਧੀਨ ਜੇਕਰ ਕੋਈ ਵੀ ਨਾਗਰਿਕ ਨਸ਼ਾ ਛੱਡਣਾ ਚਾਹੁੰਦਾ ਹੈ ਜਾਂ ਨਸ਼ਾ ਛੱਡਣ ਸਬੰਧੀ ਜਾਣਕਾਰੀ ਲੈਣੀ ਚਾਹੁੰਦਾ ਹੈ ਜਾਂ ਨਸ਼ਾ ਛੱਡਣ ਲਈ ਦਵਾਈ ਲੈਣੀ ਚਾਹੁੰਦਾ ਹੈ ਤਾਂ ਉਸ ਨੂੰ ਨਸ਼ਾ ਛੁਡਾਊ ਕੇਂਦਰਾਂ ਦਾ ਪਤਾ, ਸੰਪਰਕ ਨੰਬਰ ਅਤੇ ਟਾਈਪਿੰਗ ਆਦਿ ਬਾਰੇ ਸਾਰੀ ਜਾਣਕਾਰੀ ਇਸ ਬੋਰਡ 'ਤੇ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ 'ਡੈਪੋ' ਵਲੰਟੀਅਰਾਂ ਵੱਲੋਂ ਵੀ ਲੋਕਾਂ ਨੂੰ ਵੱਡੇ ਪੱਧਰ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਹੋਟਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਸਰਕਾਰ ਵੱਲੋਂ ਵਿੱਢੀ ਇਸ ਮੁਹਿੰਮ ਵਿੱਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰੋਵਰ, ਉਪ ਪ੍ਰਧਾਨ ਗੁਰਮੇਰ ਸਿੰਘ, ਚੇਅਰਮੈਨ ਜਸਬੀਰ ਸਿੰਘ ਪੱਡਾ ਤੇ ਸ਼ਖ਼ਸੀਅਤਾਂ ਹਾਜ਼ਰ ਸਨ।