ਮੁਕੰਮਲ ਹੋ ਚੁੱਕੀ ਹੈ ਝੋਨੇ ਦੀ ਲੁਆਈ- ਖੇਤੀਬਾੜੀ ਵਿਭਾਗ

Last Updated: Jul 12 2018 13:54

ਜਿੱਥੇ ਇੱਕ ਪਾਸੇ ਕਿਸਾਨ ਯੂਨੀਅਨਾਂ ਅਤੇ ਕਿਸਾਨ ਪੰਜਾਬ ਵਿੱਚ ਝੋਨੇ ਦੀ ਲੁਆਈ ਦੇ ਪੱਛੜ ਜਾਣ ਦੀਆਂ ਦੁਹਾਈਆਂ ਪਾ ਰਹੇ ਹਨ, ਉੱਥੇ ਹੀ ਇਸ ਸਭ ਦੇ ਦਰਮਿਆਨ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਪੰਜਾਬ ਵਿੱਚ ਝੋਨੇ ਦੀ ਲੁਆਈ ਮੁਕੰਮਲ ਹੋ ਜਾਣ ਦਾ ਦਾਅਵਾ ਠੋਕ ਦਿੱਤਾ ਹੈ।

ਖੇਤੀਬਾੜੀ ਵਿਭਾਗ ਵਾਲਿਆਂ ਦਾ ਕਹਿਣਾ ਹੈ ਕਿ, ਝੋਨੇ ਦੀ ਲੁਆਈ ਤਕਰੀਬਨ ਮੁਕੰਮਲ ਹੋ ਗਈ ਹੈ, ਜੇਕਰ ਕਿਧਰੇ ਥੋੜੀ ਬਹੁਤੀ ਜ਼ਮੀਨ ਵਿਹਲੀ ਰਹਿ ਵੀ ਗਈ ਹੈ ਤਾਂ ਉਹ ਬਾਸਮਤੀ ਲਈ ਹੋ ਸਕਦੀ ਹੈ। ਵਿਭਾਗ ਦਾ ਮੰਨਣਾ ਹੈ ਕਿ, ਇਸ ਵੇਲੇ ਕਿਸਾਨਾਂ ਦੀ ਸਾਰੀ ਨਜ਼ਰ ਮੌਨਸੂਨ 'ਤੇ ਹੈ, ਜੇਕਰ ਮੌਸਮ ਵਿਭਾਗ ਦੀ ਕੀਤੀ ਭਵਿੱਖਬਾਣੀ 'ਤੇ ਝਾਤੀ ਮਾਰੀ ਜਾਵੇ ਤੇ ਉਮੀਦ ਹੈ ਕਿ, ਅਗਲੇ ਕੁਝ ਦਿਨਾਂ 'ਚ ਬਰਸਾਤ ਹੋ ਸਕਦੀ ਹੈ।

ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ, ਸੂਬਾ ਸਰਕਾਰ ਨੇ ਝੋਨੇ ਦੀ ਲੁਆਈ ਜੋ 20 ਜੂਨ ਤੋਂ ਸ਼ੁਰੂ ਕਰਵਾਉਣ ਦਾ ਫ਼ੈਸਲਾ ਲਿਆ ਸੀ ਉਹ ਧਰਤੀ ਹੇਠਲੇ ਪਾਣੀ ਦੇ ਨਿਰੰਤਰ ਡਿੱਗ ਰਹੇ ਪੱਧਰ ਨੂੰ ਮੁੱਖ ਰੱਖ ਕੇ ਹੀ ਲਿਆ ਗਿਆ ਸੀ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ, ਕਿਸਾਨਾਂ ਦਾ ਇਹ ਦਾਅਵਾ ਬਿਲਕੁਲ ਗਲਤ ਹੈ ਕਿ, ਉਨ੍ਹਾਂ ਦੀ ਇਸ ਵਾਰ ਝੋਨੇ ਦੀ ਫ਼ਸਲ ਪਛੜ ਜਾਏਗੀ। ਵਿਭਾਗ ਦਾ ਕਹਿਣਾ ਹੈ ਕਿ ਨਾ ਹੀ ਝੋਨਾ ਪਛੜੇਗਾ ਅਤੇ ਨਾ ਹੀ ਇਸਦੇ ਝਾੜ ਤੇ ਹੀ ਕੋਈ ਅਸਰ ਪਵੇਗਾ।