ਗੁਰੂ ਨਾਨਕ ਕਲੱਬ, ਆਰ. ਸੀ. ਐਫ ਅਤੇ ਹਿੰਦੂ ਕੰਨਿਆ ਕਾਲਜ ਵੱਲੋਂ ਜਿੱਤਾਂ ਦਰਜ

Last Updated: Jul 12 2018 13:46

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਬਾਸਕਟਬਾਲ ਚੈਂਪੀਅਨਸ਼ਿਪ (ਲੜਕੀਆਂ-ਓਪਨ ਵਰਗ) ਦੀ ਸ਼ੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਹੋਈ। 

ਇਸ ਮੌਕੇ ਸਹਾਇਕ ਕਮਿਸ਼ਨਰ (ਜ) ਮੇਜਰ ਡਾ. ਸੁਮਿਤ ਮੁੱਧ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਖਿਡਾਰਨਾਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਤੰਦਰੁਸਤ ਇਨਸਾਨ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ ਅਤੇ ਇੱਕ ਖਿਡਾਰੀ ਹਮੇਸ਼ਾ ਹੀ ਚੰਗਾ ਇਨਸਾਨ ਸਾਬਿਤ ਹੁੰਦਾ ਹੈ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਨੇ ਵੀ ਖਿਡਾਰਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਪਤਵੰਤੇ ਸਜਣਾ ਦਾ ਧੰਨਵਾਦ ਕੀਤਾ। ਇਸ ਦੌਰਾਨ ਪਹਿਲੇ ਦਿਨ ਦੇ ਮੈਚਾਂ 'ਚ ਗੁਰੂ ਨਾਨਕ ਕਲੱਬ ਕਪੂਰਥਲਾ ਦੀ ਟੀਮ ਨੇ ਬਲਕਾਰ ਸਿੰਘ ਚੀਮਾ ਕਲੱਬ ਦਬੂਲੀਆਂ ਦੀ ਟੀਮ ਨੂੰ 39-31 ਅੰਕਾਂ ਦੇ ਫ਼ਰਕ ਨਾਲ ਹਰਾਇਆ। ਦੂਸਰੇ ਮੈਚ ਵਿੱਚ ਆਰ. ਸੀ. ਐਫ ਦੀ ਟੀਮ ਨੇ ਸ਼ਹੀਦ ਭਗਤ ਸਿੰਘ ਕਲੱਬ, ਕਪੂਰਥਲਾ ਦੀ ਟੀਮ ਨੂੰ 39-19 ਦੇ ਫ਼ਰਕ ਨਾਲ ਮਾਤ ਦਿੱਤੀ। ਤੀਸਰੇ ਮੈਚ ਵਿੱਚ ਹਿੰਦੂ ਕੰਨਿਆ ਕਾਲਜ ਦੀ ਟੀਮ ਨੇ ਆਰ. ਸੀ. ਐਫ ਦੀ ਟੀਮ ਨੂੰ 35-24 ਦੇ ਫ਼ਰਕ ਨਾਲ ਹਰਾਇਆ। ਇਸ ਮੌਕੇ ਏ. ਈ. ਓ ਅਮਰੀਕ ਸਿੰਘ, ਪ੍ਰੋ. ਇੰਦਰਜੀਤ ਸਿੰਘ, ਬਾਸਕਟਬਾਲ ਕੋਚ ਸੁਨੀਤਾ ਦੇਵੀ, ਡੀ. ਪੀ. ਈ ਜਸਵਿੰਦਰ ਸਿੰਘ ਤੇ ਦਵਿੰਦਰ ਸਿੰਘ, ਪੀ. ਟੀ. ਆਈ ਕਰਨ ਕੁਮਾਰ, ਗੁਰਸੇਵਕ ਸਿੰਘ, ਭੁਪਿੰਦਰ ਸਿੰਘ, ਸੁਖਬੀਰ ਸਿੰਘ, ਰਕੇਸ਼ ਬਾਲਾ ਅਤੇ ਖੇਡ ਪ੍ਰੇਮੀ ਹਾਜ਼ਰ ਸਨ।