ਕੁੱਤੇ ਪਿੱਛੇ ਜੁੱਤਮ-ਜੁੱਤੀ ਹੋਏ ਗੁਆਂਢੀ!! (ਵਿਅੰਗ) (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2018 13:40

ਸਵ. ਸੰਜੇ ਗਾਂਧੀ ਦੀ ਧਰਮ ਪਤਨੀ ਮੇਨਕਾ ਗਾਂਧੀ ਦੇ ਪਸ਼ੂ ਪ੍ਰੇਮ ਦੇ ਬਾਅਦ ਦੇਸ਼ ਭਰ ਵਿੱਚ ਪਸ਼ੂ ਪ੍ਰੇਮੀਆਂ ਦੀ ਗਿਣਤੀ ਵਧਣ ਲੱਗ ਪਈ ਹੈ। ਲੋਕਾਂ ਵਿੱਚ ਪਸ਼ੂ ਪ੍ਰੇਮ ਵੀ ਇੰਨਾ ਕੁ ਵੱਧ ਗਿਆ ਹੈ ਕਿ, ਹੁਣ ਉਹਨਾਂ ਨੇ ਕੇਵਲ ਗਊਆਂ ਅਤੇ ਸੂਰਾਂ ਨੂੰ ਲੈ ਕੇ ਹੀ ਨਹੀਂ ਬਲਕਿ ਕੁੱਤਿਆਂ, ਬਿੱਠੀਆਂ, ਚਿੜੀਆਂ, ਕਬੂਤਰਾਂ ਅਤੇ ਤੋਤਿਆਂ ਦੇ ਹੱਕਾਂ ਨੂੰ ਲੈ ਕੇ ਵੀ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ ਹੈ।

ਪਸ਼ੂ ਪ੍ਰੇਮ ਦਾ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਪਟਿਆਲਾ ਦੇ ਪਿੰਡ ਵਜ਼ੀਦਪੁਰ ਵਿੱਚ। ਜਿੱਥੇ ਕੁੱਤੇ ਨੂੰ ਲੈ ਕੇ ਦੋ ਗੁਆਂਢੀਆਂ ਆਪਸ ਵਿੱਚ ਜੁੱਤਮ-ਜੁੱਤੀ ਹੋ ਗਏ। ਜੁੱਤਮ-ਜੁੱਤੀ ਵੀ ਉਹ ਇੰਨੇ ਕੁ ਹੋਏ, ਕਿ ਜਿਸ ਦੇ ਚਲਦਿਆਂ ਧਿਰਾਂ ਦੇ ਅੱਧੀ ਦਰਜਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਲੜਾਈ ਦਾ ਕਾਰਨ ਕੁੱਤੇ ਦੀ ਸ਼ਾਨ ਵਿੱਚ ਵਰਤੀ ਗਈ ਮਾੜੀ ਸ਼ਬਦਾਵਲੀ ਅਤੇ ਗਾਲੀ ਗਲੋਚ ਦੱਸਿਆ ਜਾਂਦਾ ਹੈ।

ਪ੍ਰਤੱਖ਼ ਦਰਸ਼ਕਾਂ ਅਨੁਸਾਰ ਹੋਇਆ ਇੰਝ ਕਿ, ਅੱਜ ਸਵੇਰੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਵਜ਼ੀਦਪੁਰ ਦਾ ਰਹਿਣ ਵਾਲਾ ਵਿਸ਼ਾਲ ਨਾਮਕ ਨੌਜਵਾਨ ਆਪਣੇ ਇੱਕ ਪੱਗ ਨਸਲ ਦੇ ਕੁੱਤੇ ਸ਼ੇਰੂ ਨੂੰ ਸੈਰ ਕਰਵਾਉਣ ਲਈ ਘਰੋਂ ਨਿਕਲਿਆ। ਵਿਸ਼ਾਲ ਅਜੇ ਸ਼ੇਰੂ ਨੂੰ ਲੈ ਕੇ ਘਰੋਂ ਬਾਹਰ ਨਿਕਲਿਆ ਹੀ ਸੀ ਕਿ, ਉਸਦੇ ਗੁਆਂਢੀ ਤਰਸੇਮ ਸਿੰਘ ਨੇ ਵਿਸ਼ਾਲ ਅਤੇ ਉਸਦੇ ਸ਼ੇਰੂ ਨੂੰ ਗੰਦੀਆਂ-ਗੰਦੀਆਂ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਤਰਸੇਮ ਦਾ ਇਤਰਾਜ ਸੀ ਕਿ, ਉਸਦਾ ਕੁੱਤਾ ਰੋਜ਼ ਉਹਨਾਂ ਦੇ ਘਰ ਦੇ ਮੂਹਰੇ ਗੰਦ ਪਾਕੇ ਚਲਾ ਜਾਂਦਾ ਹੈ।

ਇਲਜ਼ਾਮ ਹੈ ਕਿ, ਤਰਸੇਮ ਨੇ ਵਿਸ਼ਾਲ ਨੂੰ ਧਮਕੀ ਭਰੇ ਲਹਿਜ਼ੇ ਵਿੱਚ ਕਿਹਾ ਕਿ, ਅਗਰ ਅੱਜ ਤੋਂ ਬਾਅਦ ਤੇਰਾ ਇਹ ਕਤੀੜ (ਕੁੱਤਾ) ਸਾਡੇ ਘਰ ਦੇ ਸਾਹਮਣੇ ਆਇਆ ਤਾਂ ਮੈਂ, ਇਸਦੇ ਨਾਲ-ਨਾਲ ਤੇਰੀ ਵੀ ਲੱਤ ਤੋੜ ਦਿਆਂਗਾ। ਬੱਸ ਇੰਨਾ ਸੁਣਨ ਦੀ ਦੇਰ ਸੀ ਕਿ, ਵਿਸ਼ਾਲ ਦਾ ਕੁੱਤਾ ਪ੍ਰੇਮ ਜਾਗ ਪਿਆ ਅਤੇ ਉਹ ਬਿਨਾਂ ਕੁਝ ਸੋਚੇ ਸਮਝੇ ਤਰਸੇਮ ਨਾਲ ਗਾਹਲੋ ਗਾਹਲੀ ਹੋ ਗਿਆ। ਮਾਮਲਾ ਵਧਿਆ ਤਾਂ ਦੋਹਾਂ ਗੁਆਂਢੀਆਂ ਨੇ ਇੱਕ ਦੂਜੇ ਤੇ ਇੱਟਾਂ ਪੱਥਰ ਬਰਸਾਉਣੇ ਸ਼ੁਰੂ ਕਰ ਦਿੱਤੇ।

ਇਸ ਝਗੜੇ ਵਿੱਚ ਦੋਹਾਂ ਧਿਰਾਂ ਦੇ ਛੇ ਬੰਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਹਨਾਂ ਵਿੱਚ ਇੱਕ ਔਰਤ ਵੀ ਦੱਸੀ ਜਾ ਰਹੀ ਹੈ। ਜ਼ਖਮੀਆਂ ਦੀ ਪਹਿਚਾਣ ਤਰਸੇਮ ਸਿੰਘ ਪੁੱਤਰ ਕਰਨੈਲ ਸਿੰਘ, ਸੁਖਵਿੰਦਰ ਕੌਰ ਪਤਨੀ ਤਰਸੇਮ ਸਿੰਘ, ਦਲਜੀਤ ਸਿੰਘ, ਸੁਰਜੀਤ ਸਿੰਘ ਅਤੇ ਕੁੱਤੇ ਦੇ ਮਾਲਕ ਵਿਸ਼ਾਲ ਅਤੇ ਉਸ ਦਾ ਪਿਤਾ ਵਿਜੇਪਾਲ ਦੇ ਤੌਰ ਤੇ ਹੋਈ ਹੈ।

ਪ੍ਰਤੱਖ਼ ਦਰਸ਼ਕਾਂ ਅਨੁਸਾਰ ਇਸ ਸਾਰੇ ਝਗੜੇ ਦੇ ਦੌਰਾਨ ਹਾਸੋ ਹੀਣੀ ਗੱਲ ਇਹ ਹੋਈ ਕਿ, ਜਦੋਂ ਵਿਸ਼ਾਲ ਦੇ ਸ਼ੇਰੂ ਨੇ ਆਪਣੇ ਮਾਲਕ ਦੇ ਪੈਂਦੀਆਂ ਵੇਖ਼ੀਆਂ ਤਾਂ ਉਹ ਵੀ ਡਰਦਾ ਮਾਰਿਆ ਭੱਜ ਕੇ ਕੋਠੇ ਚੜ ਗਿਆ ਅਤੇ ਉਨੀ ਦੇਰ ਤੱਕ ਥੱਲੇ ਨਹੀਂ ਉਤਰਿਆ ਜਦੋਂ ਤੱਕ ਦੋਹਾਂ ਧਿਰਾਂ ਆਪੋ ਆਪਣੇ ਘਰੇ ਨਹੀਂ ਚਲੀਆਂ ਗਈਆਂ। ਪੁਲਿਸ ਨੇ ਦੋਹਾਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਇਹ ਵੀ ਹੈ ਕਿ, ਪਿੰਡ ਦੇ ਹੀ ਕੁਝ ਮੋਹਤਬਰ ਬੰਦੇ ਦੋਹਾਂ ਧਿਰਾਂ ਦਰਮਿਆਨ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।