108 ਐਂਬੂਲੈਂਸ ਸੇਵਾਵਾਂ ਬੰਦ ਕਰਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਕਾਮੇ.!!!

Last Updated: Jul 12 2018 12:51

ਪੰਜਾਬ ਭਰ ਵਿੱਚ ਮੰਗਾਂ ਨੂੰ ਲੈ ਕੇ 108 ਐਂਬੂਲੈਂਸ ਕਾਮਿਆਂ ਵੱਲੋਂ ਕੀਤੀ ਹੜਤਾਲ ਦੀ ਲੜੀ ਵਜੋਂ ਫਿਰੋਜ਼ਪੁਰ ਵਿਖੇ 108 ਫਿਰੋਜ਼ਪੁਰ ਯੂਨੀਅਨ ਵੱਲੋਂ ਜ਼ਿਲ੍ਹੇ ਭਰ ਵਿੱਚ 108 ਦੀਆਂ ਸੇਵਾਵਾਂ ਠੱਪ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 108 ਯੂਨੀਅਨ ਫਿਰੋਜ਼ਪੁਰ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਸਰਕਾਰ ਪਾਸੋਂ ਮੰਗ ਕਰ ਰਹੇ ਹਾਂ ਕਿ 108 ਐਂਬੂਲੈਂਸਾਂ ਦੇ ਮੁਲਾਜ਼ਮਾਂ ਦੀ ਡਿਊਟੀ 12 ਘੰਟੇ ਦੀ ਥਾਂ 'ਤੇ 8 ਘੰਟੇ ਕੀਤੀ ਜਾਵੇ।

ਪਿਛਲੇ 4 ਸਾਲਾਂ ਦਾ ਬਣਦਾ ਇਨਕਰੀਮੈਂਟ ਵਿਆਜ ਸਮੇਤ ਲਾਗੂ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਕੀਤਾ ਜਾਵੇ, ਈ.ਐੱਮ.ਟੀ. ਨੂੰ ਐਂਬੂਲੈਂਸ ਮੈਨੇਜਰ ਬਣਾ ਦਿੱਤਾ ਗਿਆ ਹੈ, ਉਸ ਨੂੰ ਵਾਪਸ ਈ.ਐੱਮ.ਟੀ. ਬਣਾਇਆ ਜਾਵੇ, ਤਨਖ਼ਾਹਾਂ 1 ਤੋਂ 7 ਤਾਰੀਖ਼ ਤੱਕ ਦਿੱਤੀਆਂ ਜਾਣ, ਕੀਤੀਆਂ ਬਦਲੀਆਂ ਤੇ ਟਰਮੀਨੇਸ਼ਨਾਂ ਤੁਰੰਤ ਵਾਪਸ ਕੀਤੀਆਂ ਜਾਣ, ਤੋਂ ਇਲਾਵਾ 2014 ਵਿੱਚ ਗ਼ਲਤ ਢੰਗ ਨਾਲ ਕੱਢੇ 36 ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਹ ਮੰਗਾਂ ਬੀਤੇ ਦਿਨੀਂ ਨੈਸ਼ਨਲ ਹੈਲਥ ਮਿਸ਼ਨ ਦੀ ਮੀਟਿੰਗ ਵਿੱਚ ਚੰਡੀਗੜ੍ਹ ਵਿਖੇ ਰੱਖ ਕੇ 10 ਜੁਲਾਈ ਤੱਕ ਇਨ੍ਹਾਂ ਮੰਗਾਂ ਨੂੰ ਮੰਨਣ ਬਾਰੇ ਕਿਹਾ ਸੀ, ਪਰ ਸਾਡੀਆਂ ਇਹ ਮੰਗਾਂ ਨਾ ਮੰਨਣ ਕਰਕੇ ਮਜ਼ਬੂਰਨ ਸਾਨੂੰ ਅਣਮਿਥੇ ਸਮੇਂ ਤੱਕ 108 ਐਂਬੂਲੈਂਸ ਸੇਵਾਵਾਂ ਬੰਦ ਕਰਨੀਆਂ ਪਈਆਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਸੂਬਾ ਪੱਧਰ 'ਤੇ ਹੋਰ ਤਿੱਖਾ ਕੀਤਾ ਜਾਵੇਗਾ।