ਪ੍ਰਧਾਨ ਮੰਤਰੀ ਮੋਦੀ ਝੋਨੇ ਦੇ ਰੇਟ ਸਬੰਧੀ ਭੰਬਲਭੂਸਾ ਸਪੱਸ਼ਟ ਕਰੇ ਨਹੀਂ ਤਾਂ ਕਿਸਾਨ ਕਰਨਗੇ ਡੱਟਵਾਂ ਵਿਰੋਧ..!!

Last Updated: Jul 12 2018 12:36

ਕਿਸਾਨੀ ਮੰਗਾਂ ਦੇ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇੱਕ ਅਹਿਮ ਮੀਟਿੰਗ ਪੰਜਾਬ ਦੇ ਮੀਤ ਪ੍ਰਧਾਨ ਗੁਲਜ਼ਾਰ ਸਿੰਘ ਦੀ ਅਗੁਵਾਈ ਵਿੱਚ ਕਸਬਾ ਜ਼ੀਰਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਮੀਤ ਪ੍ਰਧਾਨ ਪੰਜਾਬ ਗੁਲਜ਼ਾਰ ਸਿੰਘ ਨੇ ਕਿਹਾ ਕਿ ਜੋ 4 ਜੁਲਾਈ ਨੂੰ ਆਰਥਿਕ ਮਸਲਿਆਂ ਦੇ ਕੈਬਨਿਟ ਮੰਤਰੀਆਂ ਦੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਸੀ।

ਮੀਟਿੰਗ ਦੌਰਾਨ ਐਮ.ਐਸ.ਪੀ. ਝੋਨੇ 'ਤੇ 200 ਰੁਪਏ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ, ਉਸ ਵਿੱਚ ਬੀ-ਗਰੇਡ ਝੋਨੇ ਦਾ ਸਮਰਥਨ ਮੁੱਲ 1750 ਰੁਪਏ ਦਿੱਤਾ ਗਿਆ ਅਤੇ ਏ-ਗਰੇਡ ਝੋਨੇ ਦਾ ਸਮਰਥਨ ਮੁੱਲ 180 ਰੁਪਏ ਦਾ ਵਾਧਾ ਕਰਕੇ 1750 ਰੁਪਏ ਦਿੱਤਾ ਗਿਆ।

ਜਿਸ ਵਿੱਚ ਏ-ਗਰੇਡ ਝੋਨੇ ਦੀ ਕਿਸਮ ਵਿੱਚ 180 ਰੁਪਏ ਦਾ ਵਾਧਾ ਕਰਕੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਸਾਰੇ ਦੇਸ਼ ਵਿੱਚ 200 ਰੁਪਏ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ। ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਮੋਦੀ ਇਸ ਸਬੰਧੀ ਭੰਬਲਭੂਸਾ ਸਪੱਸ਼ਟ ਕਰੇ ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਇਸਦਾ ਡੱਟਵਾਂ ਵਿਰੋਧ ਕਰੇਗੀ।