ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਪੁਲਿਸ ਨੇ ਕੀਤਾ ਦਾਅਵਾ.!!

Last Updated: Jul 12 2018 12:11

ਥਾਣਾ ਸਦਰ ਫਿਰੋਜ਼ਪੁਰ ਅਤੇ ਥਾਣਾ ਮੱਲਾਂਵਾਲਾ ਪੁਲਿਸ ਨੇ ਬੀਤੇ ਦਿਨ ਨਾਕੇਬੰਦੀ ਅਤੇ ਗਸ਼ਤ ਦੇ ਦੌਰਾਨ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧ ਵਿੱਚ ਪੁਲਿਸ ਵੱਲੋਂ ਉਕਤ ਤਿੰਨੇ ਵਿਅਕਤੀਆਂ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੁਲਿਸ ਦੇ ਏਐਸਆਈ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਬੀਤੀ ਰਾਤ ਕਰੀਬ ਪੌਣੇ 10 ਵਜੇ ਨੇੜੇ ਦਾਣਾ ਮੰਡੀ ਬਾਰੇ ਕੇ ਪੁਰਾਣਾ ਕੋਲ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ।

ਪੁਲਿਸ ਨੇ ਦਾਅਵਾ ਕਰਦਿਆਂ ਦੱਸਿਆ ਕਿ ਜਦੋਂ ਉਕਤ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਕਬਜ਼ੇ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਹੈਰੋਇਨ ਸਮੇਤ ਫੜੇ ਗਏ ਵਿਅਕਤੀ ਨੇ ਆਪਣਾ ਨਾਂਅ ਬੂਟਾ ਸਿੰਘ ਉਰਫ ਬੂਟੀ ਪੁੱਤਰ ਸਦੀਕ ਵਾਸੀ ਪੁਰਾਣਾ ਬਾਰੇ ਕੇ ਦੱਸਿਆ ਹੈ। ਇਸੇ ਤਰ੍ਹਾਂ ਥਾਣਾ ਮੱਲਾਂਵਾਲਾ ਦੇ ਸਹਾਇਕ ਸਬ ਇੰਸਪੈਕਟਰ ਕਮਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੀ ਰਾਤ ਕਰੀਬ ਪੌਣੇ 8 ਵਜੇ ਪਿੰਡ ਮਰੂੜ ਕੋਲ ਗਸ਼ਤ ਕਰ ਰਹੇ ਸਨ ਤਾਂ ਪੁਲਿਸ ਪਾਰਟੀ ਨੂੰ ਇੱਕ ਸ਼ੱਕੀ ਮੋਟਰਸਾਈਕਲ ਵਿਖਾਈ ਦਿੱਤਾ, ਜਿਸ 'ਤੇ ਦੋ ਵਿਅਕਤੀ ਸਵਾਰ ਸਨ।

ਪੁਲਿਸ ਨੇ ਦਾਅਵਾ ਕਰਦਿਆਂ ਦੱਸਿਆ ਕਿ ਜਦੋਂ ਉਕਤ ਦੋਵੇਂ ਵਿਅਕਤੀਆਂ ਨੂੰ ਘੇਰਾਬੰਦੀ ਕਰਕੇ ਗ੍ਰਿਫ਼ਤਾਰ ਕਰਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 270 ਨਸ਼ੀਲੀਆਂ ਗੋਲੀਆਂ ਮਾਰਕਾ ਈ.ਟੀ.ਆਈ. ਜੋਲਮ 0.5 ਐਨਕਰਾ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਜਗਜੀਤ ਸਿੰਘ ਉਰਫ ਜੀਤ ਪੁੱਤਰ ਜਵੰਤ ਸਿੰਘ ਵਾਸੀ ਕੱਸੋਆਣਾ ਥਾਣਾ ਸਦਰ ਜ਼ੀਰਾ ਅਤੇ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਟਹਿਣਾ ਥਾਣਾ ਸਦਰ ਫਰੀਦਕੋਟ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਤਿੰਨੇ ਵਿਅਕਤੀਆਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।