ਕੀ ਥਮੇਗਾ ਕੁੜੀਆਂ ਦੇ ਗ਼ਾਇਬ ਹੋਣ ਦਾ ਸਿਲਸਿਲਾ, 1 ਹੋਰ ਨਬਾਲਿਗਾ ਗਾਇਬ

Kajal Kaushik
Last Updated: Jul 12 2018 12:10

ਜ਼ਿਲ੍ਹੇ ਵਿੱਚ ਹਰ ਰੋਜ਼ ਗ਼ਾਇਬ ਹੋ ਰਹੀਆਂ ਨਬਾਲਿਗ ਕੁੜੀਆਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਸ਼ਹਿਰ ਵਾਸੀਆਂ ਦੇ ਦਿਲਾਂ ਵਿੱਚ ਇੱਕੋ ਸਵਾਲ ਹੈ ਕਿ ਕੀ ਉਹ ਦਿਨ ਆਵੇਗਾ, ਜਦੋਂ ਕੁੜੀਆਂ ਦੇ ਇਸ ਤਰ੍ਹਾਂ ਗ਼ਾਇਬ ਹੋਣ ਦੀਆਂ ਘਟਨਾਵਾਂ ਥੰਮ ਜਾਣਗੀਆਂ। ਇੱਥੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਲਗਾਤਾਰ ਹੋ ਰਹੀਆਂ ਵਾਰਦਾਤਾਂ ਤਾਂ ਇਸੇ ਗੱਲ ਵੱਲ ਇਸ਼ਾਰਾ ਕਰ ਰਹੀਆਂ ਹਨ ਕਿ ਲੋਕਾਂ ਦੀ ਇਹ ਤਮੰਨਾ ਛੇਤੀ ਨਹੀਂ ਪੂਰੀ ਹੋਣ ਲੱਗੀ। ਸ਼ਹਿਰ ਬਨੂੜ ਤੋਂ ਇੱਕ ਹੋਰ ਨਬਾਲਿਗਾ ਦੇ ਗਾਇਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਸ਼ਿਕਾਇਤਕਰਤਾ ਕਾਕਾ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਖਿੱਜਰਗੜ ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਉਸ ਦੀ 16 ਸਾਲਾਂ ਦੀ ਲੜਕੀ ਮਨਪ੍ਰੀਤ ਕੌਰ ਜੋ ਆਪਣੇ ਨਾਨਕੇ ਪਿੰਡ ਧਰਮਗੜ ਗਈ ਹੋਈ ਸੀ ਨੂੰ ਕੋਈ ਨਾ-ਮਾਲੂਮ ਵਿਅਕਤੀ ਵਰਗਲਾ ਫੁਸਲਾ ਕੇ ਭਜਾ ਕੇ ਲੈ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਕਿ ਉਸ ਦੀ ਕੁੜੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਕਾਰ ਵਿੱਚ ਬੈਠੇ ਹੋਏ ਵੇਖਿਆ ਗਿਆ ਸੀ। ਮਨਪ੍ਰੀਤ ਦੀ ਮਾਤਾ ਨੂੰ ਇਸ ਗੱਲ ਦਾ ਇਨ੍ਹਾਂ ਸਦਮਾ ਪਹੁੰਚਿਆ ਹੈ ਕਿ ਉਹ ਫਿਲਹਾਲ ਬਨੂੜ ਦੇ ਸਥਾਨਕ ਹਸਪਤਾਲ ਵਿੱਚ ਜੇਰੇ ਇਲਾਜ ਹੈ। ਬਨੂੜ ਪੁਲਿਸ ਨੇ ਫ਼ਿਲਹਾਲ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੁੱਝ ਨਾ-ਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਕੇ ਲਾਪਤਾ ਦੀ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।