'ਗਾਰਡੀਅਨ ਆਫ਼ ਗਵਰਨੈਂਸ' ਪਿੰਡਾਂ ਵਿੱਚ ਕਰਨਗੇ ਖ਼ੁਸ਼ਹਾਲੀ ਦੇ ਰਾਖੇ ਵਜੋਂ ਕੰਮ-ਟੀ.ਐੱਸ.ਸ਼ੇਰਗਿੱਲ

Last Updated: Jul 11 2018 19:03

ਲੈਫੀ. ਜਨਰਲ (ਸੇਵਾ ਮੁਕਤ) ਟੀ.ਐੱਸ ਸ਼ੇਰਗਿੱਲ ਸੀਨੀਅਰ ਵਾਈਸ ਚੇਅਰਮੈਨ 'ਗਾਰਡੀਅਨ ਆਫ਼ ਗਵਰਨੈਂਸ' ਅਤੇ ਸੀਨੀਅਰ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ ਵੱਲੋਂ ਗੁਰੂਹਰਸਹਾਏ ਵਿਖੇ ਸਾਬਕਾ ਫ਼ੌਜੀ ਅਧਿਕਾਰੀਆਂ ਤੇ ਜਵਾਨਾਂ ਨਾਲ ਮੀਟਿੰਗ ਕੀਤੀ ਗਈ ਤੇ ਜ਼ਿਲ੍ਹੇ ਵਿਖੇ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ, ਗੁਰੂਹਰਦੀਪ ਸਿੰਘ ਸੋਢੀ ਵੀ ਹਾਜ਼ਰ ਸਨ। ਸ਼ੇਰਗਿੱਲ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਸੋਚ ਹੈ ਅਤੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ 'ਗਾਰਡੀਅਨ ਆਫ਼ ਗਵਰਨੈਂਸ' (ਖ਼ੁਸ਼ਹਾਲੀ ਦੇ ਰਾਖੇ) ਸਕੀਮ ਸ਼ੁਰੂ ਕੀਤੀ ਗਈ ਹੈ ਅਤੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਸਾਬਕਾ ਸੈਨਿਕਾਂ ਨੂੰ ਵੱਡਾ ਮਾਣ ਦਿੰਦਿਆਂ, ਸਰਕਾਰ ਦਾ ਅੱਖ ਤੇ ਕੰਨ ਬਣਾਇਆ ਗਿਆ ਹੈ, ਜਿਨ੍ਹਾਂ ਦਾ ਕੰਮ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਸਹੀ ਹੱਥਾਂ ਤੱਕ ਪਹੁੰਚ ਯਕੀਨੀ ਬਣਾਉਣਾ ਅਤੇ ਵੱਖ-ਵੱਖ ਗਰਾਂਟਾਂ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਸ਼ੇਰਗਿੱਲ ਨੇ ਸਮੂਹ ਵਲੰਟੀਅਰਜ਼ ਨੂੰ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਕੀਮਾਂ ਦਾ ਲਾਭ ਹੇਠਲੇ ਪੱਧਰ 'ਤੇ ਸੁਚਾਰੂ ਢੰਗ ਨਾਲ ਪੁੱਜਦਾ ਕੀਤਾ ਜਾਵੇ।

ਉਨ੍ਹਾਂ ਵਲੰਟੀਅਰਜ਼ ਨੂੰ ਕਿਹਾ ਕਿ ਉਹ ਲੋੜਵੰਦ ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਪੁੱਜਦਾ ਕਰਨ ਲਈ ਸੁਚਾਰੂ ਢੰਗ ਨਾਲ ਰਿਪੋਰਟ ਕਰਨ। 'ਗਾਰਡੀਅਨ ਆਫ਼ ਗਵਰਨੈਂਸ' ਦਾ ਮੁੱਖ ਮੰਤਵ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਤੇ ਸਕੀਮਾਂ ਦਾ ਨਿਸ਼ਚਿਤ ਸਮੇਂ ਅੰਦਰ ਲਾਭਪਾਤਰੀ ਨੂੰ ਲਾਭ ਮੁਹੱਈਆ ਕਰਵਾਉਣਾ ਹੈ। ਜਿਸ ਲਈ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀ.ਓ.ਜ਼ੀਜ਼ ਆਪਣੀ ਇਸ ਜ਼ਿੰਮੇਵਾਰੀ ਦੇ ਨਾਲ-ਨਾਲ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਆਰੰਭੀ ਮਹੱਤਵਪੂਰਨ ਮੁਹਿੰਮ ਡੈਪੋ ਨਾਲ ਵੀ ਜੁੜਨ ਅਤੇ ਪਿੰਡਾਂ ਵਿੱਚ ਨਸ਼ਿਆਂ ਦੇ ਸ਼ਿਕਾਰ ਨੌਜਵਾਨਾਂ ਅਤੇ ਵਿਅਕਤੀਆਂ ਨੂੰ ਇਲਾਜ ਕੇਂਦਰਾਂ ਤੱਕ ਪਹੁੰਚਾ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ। ਇਸ ਮੌਕੇ ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ) ਰਾਣਾ ਗੁਰਮੀਤ ਸਿੰਘ ਸੋਢੀ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਦ੍ਰਿਸ਼ਟੀ ਅਤੇ ਵਿਕਾਸਮਈ ਸੋਚ ਕਾਰਨ ਸਾਬਕਾ ਫ਼ੌਜੀਆਂ ਨੂੰ ਸੂਬੇ ਦੇ ਵਿਕਾਸ ਲਈ ਭਾਈਵਾਲ ਬਣਾਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜੀ.ਓ.ਜ਼ੀਜ਼ (ਖ਼ੁਸ਼ਹਾਲੀ ਦੇ ਰਾਖੇ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਫਲ ਬਣਾਉਣ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਵੀ ਪ੍ਰੇਰਿਤ ਕਰਨ ਤਾਂ ਜੋ ਨੌਜਵਾਨਾਂ ਨੂੰ ਇਸ ਮਿਸ਼ਨ ਤਹਿਤ ਇੱਕ ਚੰਗੀ ਸਿਹਤ ਵੀ ਦਿੱਤੀ ਜਾ ਸਕੇ। ਇਸ ਤੋ ਪਹਿਲਾ ਲੈਫੀ. ਜਨਰਲ ਟੀ.ਐੱਸ ਸ਼ੇਰਗਿੱਲ ਵੱਲੋਂ ਵਾਰ ਮੈਮੋਰੀਅਲ ਮੁੱਦਕੀ, ਫ਼ਿਰੋਜ਼ਸ਼ਾਹ, ਸੀ.ਪਾਈਟ ਸਮੇਤ ਮੈਰੀਟੋਰੀਅਸ ਸਕੂਲ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਗੁਰੂਹਰਸਹਾਏ ਚਰਨਦੀਪ ਸਿੰਘ, ਐੱਸ.ਡੀ.ਐੱਮ ਫ਼ਿਰੋਜ਼ਪੁਰ ਹਰਜੀਤ ਸਿੰਘ ਸੰਧੂ, ਨਾਇਬ ਤਹਿਸੀਲਦਾਰ ਵਿਜੇ ਬਹਿਲ, ਮੇਜਰ ਜਨ. ਐੱਸ.ਐੱਸ. ਚੌਹਾਨ, ਆਰ. ਐੱਸ ਗਿੱਲ, ਰਵੀ ਸ਼ਰਮਾ, ਰਵੀ ਚਾਵਲਾ, ਸਮੇਤ ਸਾਬਕਾ ਫ਼ੌਜ ਦੇ ਅਧਿਕਾਰੀ ਤੇ ਜਵਾਨ ਮੌਜੂਦ ਸਨ।