ਰਿਸ਼ਵਤ ਲੈਂਦੇ 2 ਸਰਕਾਰੀ ਮੁਲਾਜ਼ਮ ਗ੍ਰਿਫ਼ਤਾਰ

Last Updated: Jul 11 2018 18:55

ਭ੍ਰਿਸ਼ਟਾਚਾਰ ਸਾਡੇ ਦੇਸ਼ ਦੀ ਇੱਕ ਬਹੁਤ ਵੱਡੀ ਸਮੱਸਿਆ ਹੈ। ਕਾਨੂੰਨ ਦੇ ਰਕਸ਼ਕਾਂ ਉੱਤੇ ਇਸਨੂੰ ਰੋਕਣ ਦੀ ਪੂਰੀ ਜ਼ਿੰਮੇਵਾਰੀ ਹੈ। ਪਰ ਜੇਕਰ ਕਾਨੂੰਨ ਦੇ ਰਕਸ਼ਕ ਆਪਣੀ ਡਿਊਟੀ ਹੀ ਭੁੱਲਾ ਦੇਣਗੇ ਤਾਂ ਉਹ ਭ੍ਰਿਸ਼ਟਾਚਾਰ ਨੂੰ ਕਿਵੇਂ ਖ਼ਤਮ ਕਰਣਗੇ? ਖ਼ਬਰ ਹੈ ਕਿ ਵੂਮੈਨ ਸੈੱਲ ਦੀ ਐਸ.ਐਚ.ਓ ਬਲਵਿੰਦਰ ਕੌਰ ਅਤੇ ਮੁਨਸ਼ੀ ਸੁਖਵਿੰਦਰ ਕੌਰ ਨੂੰ ਵਿਜੀਲੈਂਸ ਟੀਮ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਬਲਵਿੰਦਰ ਕੌਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਇਹ ਉਸਦੇ ਵਿਰੁੱਧ ਇੱਕ ਸਾਜਿਸ਼ ਹੈ ਤੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਵਿਜੀਲੈਂਸ ਟੀਮ ਤੋਂ ਜਾਣਕਾਰੀ ਲੈਣ ਤੋਂ ਬਾਅਦ ਪਤਾ ਲੱਗਿਆ ਕਿ 9 ਜੁਲਾਈ ਨੂੰ ਸੰਦੀਪ ਸਿੰਘ ਨਿਵਾਸੀ ਪਿੰਡ ਨਾਰਾਂਗਵਾਲਾ (ਜਗਰਾਓਂ) ਤੇ ਉਸਦੀ ਭੈਣ ਲਖਬੀਰ ਕੌਰ ਐਨ.ਆਰ.ਆਈ ਅਮਰੀਕਾ ਨੇ ਵੂਮੈਨ ਸੈੱਲ ਦੀ ਐਸ.ਐਚ.ਓ ਅਤੇ ਮੁਨਸ਼ੀ ਦੇ ਵਿਰੁੱਧ ਵਿਜੀਲੈਂਸ ਟੀਮ ਦੇ ਟੋਲ ਫ੍ਰੀ ਨੰਬਰ ਉੱਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਉਨ੍ਹਾਂ ਤੋਂ ਰਿਸ਼ਵਤ ਦੀ ਮੰਗ ਕਰ ਰਹੇ ਹਨ ਤੇ ਉਨ੍ਹਾਂ ਵੱਲੋਂ 20 ਹਜ਼ਾਰ ਰੁਪਏ ਦੀ ਮੰਗ ਕੀਤੀ ਹੈ।

ਸ਼ਿਕਾਇਤ ਮਿਲਦੇ ਹੀ ਵਿਜੀਲੈਂਸ ਟੀਮ ਨੇ ਸੰਦੀਪ ਸਿੰਘ ਤੇ ਉਸਦੀ ਭੈਣ ਨੂੰ ਆਪਣੇ ਦਫਤਰ ਵਿੱਚ ਬੁਲਾ ਲਿਆ ਤੇ ਸਾਰਾ ਮਾਮਲਾ ਸੁਣਨ ਤੋਂ ਬਾਅਦ ਪਤਾ ਲੱਗਾ ਕਿ ਸੰਦੀਪ ਸਿੰਘ ਦੀ ਪਤਨੀ ਪਰਮਵੀਰ ਕੌਰ ਪੁੱਤਰੀ ਲਖਵਿੰਦਰ ਸਿੰਘ ਨਿਵਾਸੀ ਹਸਨਪੁਰ ਪਟਿਆਲਾ ਨੇ ਆਪਣੇ ਸਸੁਰਾਲ ਵਾਲਿਆਂ ਖ਼ਿਲਾਫ਼ ਵੂਮੈਨ ਸੈੱਲ ਵਿੱਚ ਦਹੇਜ ਪ੍ਰਥਾ ਦੇ ਆਰੋਪ ਵਿੱਚ ਸ਼ਿਕਾਇਤ ਦਰਜ ਕੀਤੀ ਸੀ। ਜਿਸ ਤੋਂ ਬਾਅਦ ਬਲਵਿੰਦਰ ਕੌਰ ਨੇ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਧਮਕੀ ਦਿੱਤੀ ਸੀ ਕਿ ਜੇ ਉਹ ਜੇਲ੍ਹ ਦੀ ਹਵਾ ਨਹੀਂ ਖਾਣਾ ਚਾਹੁੰਦੇ ਤਾਂ ਚੁੱਪ ਕਰਕੇ ਉਨ੍ਹਾਂ ਨੂੰ 20 ਹਜ਼ਾਰ ਤੇ ਕੁੜੀ ਵਾਲਿਆਂ ਨੂੰ 4 ਲੱਖ ਰੁਪਏ ਦੇ ਦੇਣ ਨਹੀਂ ਤਾਂ ਉਨ੍ਹਾਂ ਨੂੰ ਦਹੇਜ ਪ੍ਰਥਾ ਦੇ ਜੁਰਮ ਵਿੱਚ ਜੇਲ੍ਹ ਦੀ ਚੱਕੀ ਪੀਸਣ ਤੋਂ ਕੋਈ ਨਹੀਂ ਬਚਾ ਸਕੇਗਾ। ਸਭ ਕੁਝ ਜਾਣ ਲੈਣ ਪਿੱਛੋਂ ਵਿਜੀਲੈਂਸ ਟੀਮ ਨੇ ਰਿਸ਼ਵਤ ਖੋਰ ਐਸ.ਐਚ.ਓ ਤੇ ਉਸਦੀ ਸਾਥੀ ਮੁਨਸ਼ੀ ਨੂੰ ਰੰਗੇ ਹੱਥ ਫੜਨ ਲਈ ਜਾਲ ਵਿਛਾਇਆ। ਟੀਮ ਨੇ ਸੰਦੀਪ ਸਿੰਘ ਦੀ ਭੈਣ ਨੂੰ ਪਾਊਡਰ ਲੱਗੇ 20 ਹਜ਼ਾਰ ਰੁਪਏ ਦੇ ਕੇ ਮੁਲਜ਼ਮ ਬਲਵਿੰਦਰ ਕੌਰ ਨੂੰ ਦੇਣ ਲਈ ਭੇਜ ਦਿੱਤਾ। ਅਖੀਰ ਮਛਲੀ ਜਾਲ ਵਿੱਚ ਫਸ ਗਈ। ਜਦੋਂ ਲਖਬੀਰ ਕੌਰ ਨਕਦ ਲੈ ਕੇ ਐਸ.ਐਚ.ਓ ਕੋਲ ਪੁੱਜੀ ਤਾਂ ਸੁਖਵਿੰਦਰ ਕੌਰ (ਮੁਨਸ਼ੀ) ਨੇ ਉਸ ਤੋਂ ਰੁਪਏ ਲੈ ਲਏ ਤੇ ਬਲਵਿੰਦਰ ਕੌਰ ਨੂੰ ਸੌਂਪ ਦਿੱਤੇ। ਦੋਵੇਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।