ਸ਼ਿਵ ਸੈਨਾ ਹਿੰਦੁਸਤਾਨ ਨੇ ਏ.ਡੀ.ਸੀ ਨੂੰ ਦਿੱਤਾ ਮੰਗ ਪੱਤਰ

Sukhjinder Kumar
Last Updated: Jul 11 2018 18:56

ਸ਼ਿਵ ਸੈਨਾ ਹਿੰਦੁਸਤਾਨ ਦਾ ਵਫ਼ਦ ਪ੍ਰਧਾਨ ਦੀਪਕ ਸ਼ਰਮਾ ਦੀ ਅਨੁਆਈ ਹੇਠ ਏ.ਡੀ.ਸੀ ਨੂੰ ਮਿਲਿਆ ਅਤੇ ਇਸ ਦੌਰਾਨ ਉਨ੍ਹਾਂ ਏ.ਡੀ.ਸੀ ਅਸ਼ੋਕ ਸ਼ਰਮਾ ਨੂੰ ਮੁੱਖਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ। ਮੰਗ ਪੱਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਕ ਸ਼ਰਮਾ ਨੇ ਦੱਸਿਆ ਕਿ ਅੱਤਵਾਦ ਦੇ ਦੌਰ ਸਮੇਂ ਸ਼ਹੀਦ ਹੋਏ 35 ਹਜ਼ਾਰ ਹਿੰਦੂ ਪਰਿਵਾਰਾਂ ਨੂੰ 30 ਸਾਲ ਬੀਤ ਜਾਨ ਮਗਰੋਂ ਵੀ ਸਰਕਾਰ ਵੱਲੋਂ ਕੋਈ ਮਦਦ ਨਹੀਂ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਸਾਲ 2003 ਵਿੱਚ ਹਿੰਦੂ ਸੰਗਠਨਾਂ ਵੱਲੋਂ ਸੰਘਰਸ਼ ਕੀਤੇ ਜਾਨ ਦੇ ਬਾਅਦ 2006 ਵਿੱਚ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ 781 ਕਰੋੜ ਦਾ ਪੈਕੇਜ ਪਾਸ ਕਰਨ ਦਾ ਫ਼ੈਸਲਾ ਲਿਆ ਸੀ, ਪਰ ਉਸ ਦੇ ਬਾਅਦ ਸੂਬੇ ਦੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਪੀੜਿਤ ਪਰਿਵਾਰਾਂ ਨੂੰ ਅਣਗੋਲਿਆਂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੁੜ ਹੁਣ ਸੂਬੇ 'ਚ ਕਾਂਗਰਸ ਦੀ ਸਰਕਾਰ ਹੈ ਪਰ ਡੇਢ ਸਾਲ ਦਾ ਸਮਾਂ ਬੀਤ ਜਾਨ ਦੇ ਬਾਅਦ ਵੀ ਸੂਬਾ ਸਰਕਾਰ ਵੱਲੋਂ ਇਹਨਾਂ ਅੱਤਵਾਦ ਪੀੜਿਤ ਹਿੰਦੂ ਪਰਿਵਾਰਾਂ ਦੀ ਸਾਰ ਨਹੀਂ ਲਈ ਜਾ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਗਊਸ਼ਾਲਾ ਵਿਖੇ ਲਗਾਏ ਗਏ ਬਿਜਲੀ ਬਿੱਲਾਂ ਦੀ ਵੀ ਨਖੇਦੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਨਾਲ ਹਿੰਦੂ ਸਮਾਜ ਵਿੱਚ ਰੋਸ਼ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਗਊ ਧਨ ਦੇ ਰੱਖ ਰਖਾਅ ਲਈ ਵੱਖੋ ਵੱਖ ਚੀਜ਼ਾਂ ਦੇ ਗਊ ਸੈਸ ਟੈਕਸ ਵਜੋਂ ਲਿਆ ਜਾਂਦਾ ਹੈ। ਉਸ ਟੈਕਸ ਤੋਂ ਬਿਜਲੀ ਦਾ ਬਿਲ ਭਰਿਆ ਜਾਵੇ ਅਤੇ 15 ਦੀਨਾਂ ਵਿੱਚ ਅੱਤਵਾਦ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਸਾਡੀਆਂ ਮੰਗਾਂ ਨੂੰ ਅਣਗੋਲਿਆਂ ਕੀਤਾ ਤਾਂ ਸ਼ਿਵ ਸੈਨਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਹਿੰਦੂ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕੀਤਾ ਜਾਵੇਗਾ।