ਜੀ.ਟੀ ਰੋਡ ਉੱਪਰ ਲੋਕਾਂ ਵੱਲੋਂ ਬਣਾਏ ਗਏ ਨਜਾਇਜ਼ ਲਾਂਘੇ ਬੰਦ ਕੀਤੇ ਜਾਣ- ਡੀ.ਸੀ ਬਰਾੜ

Last Updated: Jul 11 2018 19:06

ਸੜਕ ਹਾਦਸਿਆਂ ਦੌਰਾਨ ਅਜਾਈਂ ਜਾਣ ਵਾਲੀ ਇਨਸਾਨਾਂ ਦੀਆਂ ਜਾਨਾਂ ਬਚਾਉਣ ਅਤੇ ਸੜਕ ਸੁਰੱਖਿਆ ਸਬੰਧੀ ਜਰੂਰੀ ਕਦਮ ਚੁੱਕੇ ਜਾਣ ਸਬੰਧੀ ਬਣਾਈ ਗਈ ਜ਼ਿਲ੍ਹਾ ਪੱਧਰੀ ਰੋਡ ਸੇਫ਼ਟੀ ਮੋਨੀਟਰਿੰਗ ਕਮੇਟੀ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੰਵਲਪ੍ਰੀਤ ਬਰਾੜ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚੋਂ ਲੰਘਦੇ ਕੌਮੀ ਮਾਰਗਾਂ ਤੇ ਲੋਕਾਂ ਵੱਲੋਂ ਬਣਾਏ ਗਏ ਅਣ-ਅਧਿਕਾਰਤ ਲਾਂਘਿਆਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਜਾਇਜ਼ ਲਾਂਘਿਆਂ ਨੂੰ ਬੰਦ ਕਰਵਾਉਣ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਜੀ.ਟੀ ਰੋਡ ਤੇ ਨੈਸ਼ਨਲ ਹਾਈਵੇ ਤੇ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਗਈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਰਾੜ ਨੇ ਕਿਹਾ ਕਿ ਸੜਕੀ ਹਾਦਸਿਆਂ ਦਾ ਜਿਆਦਾਤਰ ਕਾਰਨ ਤੇਜ ਰਫ਼ਤਾਰ ਹੁੰਦੀ ਹੈ। ਇਸਨੂੰ ਦੇਖਦੇ ਹੋਏ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸੜਕਾਂ ਤੇ ਸਪੀਡ ਲਿਮਟ ਦੇ ਸਾਈਨ ਬੋਰਡ ਲਗਾਉਣ ਅਤੇ ਲਿੰਕ ਸੜਕਾਂ ਤੇ ਸਪੀਡ ਬਰੇਕਰ ਬਣਾਉਣ ਦਾ ਨਿਰਦੇਸ਼ ਜਾਰੀ ਕੀਤਾ। ਇਸਦੇ ਨਾਲ ਹੀ ਕੌਮੀ ਅਤੇ ਰਾਜ ਮਾਰਗਾਂ ਦੇ ਕਿਨਾਰਿਆਂ ਤੇ ਚਿੱਟੀਆਂ ਲਾਈਨਾਂ ਲਗਾਉਣ ਅਤੇ ਇਨ੍ਹਾਂ ਸੜਕਾਂ 'ਤੇ ਟਰੈਫ਼ਿਕ ਲਾਈਟਾਂ ਲਗਾਈਆਂ ਜਾਣ ਸਬੰਧੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਹੜੀਆਂ ਸੜਕਾਂ ਦੇ ਕਿਨਾਰਿਆਂ ਤੇ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਵਾਇਆ ਜਾਵੇ। ਇਸੇ ਤਰ੍ਹਾਂ ਸ਼ਹਿਰ ਦੇ ਫਲਾਈ ਓਵਰਾਂ ਅਤੇ ਸਟਰੀਟ ਲਾਈਟਾਂ ਤੇ ਟ੍ਰੈਫਿਕ ਲਾਈਟਾਂ ਲਗਾਉਣ ਦੇ ਨਿਰਦੇਸ਼ ਦਿੱਤੇ ਗਏ।

ਉਨ੍ਹਾਂ ਅੱਗੇ ਕਿਹਾ ਕਿ ਪ੍ਰੈਸ਼ਰ ਹਾਰਨ ਵਜਾਉਣ ਵਾਲੇ ਵਾਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਗਲਤ ਸਾਈਡ ਚੱਲਣ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾਣ। ਇਸਦੇ ਨਾਲ ਹੀ ਸਵਾਰੀ ਚੜ੍ਹਾਉਣ ਅਤੇ ਉਤਾਰਨ ਸਮੇਂ ਬੱਸਾਂ ਨੂੰ ਸੜਕ ਤੇ ਰੋਕਣ ਵਾਲੇ ਚਾਲਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਬੱਸਾਂ ਵਿੱਚ ਬੱਸ ਸਟੈਂਡ ਅੰਦਰ ਹੀ ਸਵਾਰੀ ਚੜ੍ਹਾਈ ਅਤੇ ਉਤਾਰੀ ਜਾਵੇ। ਉਨ੍ਹਾਂ ਟਰੈਫ਼ਿਕ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸੁਰੱਖਿਆ ਪੱਖੋਂ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇ ਤੇ ਸੀ.ਸੀ.ਟੀ.ਵੀ ਕੈਮਰੇ ਚਾਲੂ ਹਾਲਤ ਵਿੱਚ ਰੱਖਣੇ ਯਕੀਨੀ ਬਣਾਏ ਜਾਣ ਤਾਂ ਕਿ ਸਮਾਜ ਵਿਰੋਧੀ ਅਨਸਰਾਂ ਤੇ ਕਾਬੂ ਪਾਇਆ ਜਾ ਸਕੇ।

ਡੀ.ਸੀ ਸ਼੍ਰੀਮਤੀ ਬਰਾੜ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਰਿਮਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਆਵਾਜਾਈ ਨੂੰ ਸੁਰੱਖਿਅਤ ਕਰਨ ਲਈ ਜੀ.ਟੀ ਰੋਡ ਤੇ ਪੁੱਲ ਬਣਾਉਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਐਸਡੀਐਮ ਫ਼ਤਿਹਗੜ੍ਹ ਸਾਹਿਬ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਨਾਲ ਤਾਲਮੇਲ ਕਰਕੇ ਜੀ.ਟੀ. ਰੋਡ 'ਤੇ ਸੜਕੀ ਹਾਦਸਿਆਂ 'ਚ ਜ਼ਖਮੀ ਹੋਏ ਵਿਅਕਤੀਆਂ ਦੀ ਐਮਰਜੈਂਸੀ ਸਹਾਇਤਾ ਲਈ ਟਰਾਮਾ ਕੇਅਰ ਸੈਂਟਰ ਬਣਾਉਣ ਲਈ ਜਗ੍ਹਾ ਦੀ ਸ਼ਨਾਖ਼ਤ ਕਰਨ ਸਬੰਧੀ ਵੀ ਨਿਰਦੇਸ਼ ਦਿੱਤੇ।

ਮੀਟਿੰਗ 'ਚ ਐਸ.ਪੀ (ਐਚ) ਰਵਿੰਦਰਪਾਲ ਸਿੰਘ ਸੰਧੂ, ਐਸਡੀਐਮ ਫ਼ਤਿਹਗੜ੍ਹ ਸਾਹਿਬ ਮਨਜੀਤ ਸਿੰਘ ਚੀਮਾ, ਡੀਐਸਪੀ (ਐਚ) ਸੰਦੀਪ ਕੌਰ, ਲੋਕ ਨਿਰਮਾਣ ਵਿਭਾਗ ਦੇ ਐਸ.ਈ ਐਮ.ਐਸ ਕਾਜਲ, ਕਾਰਜਕਾਰੀ ਇੰਜੀਨੀਅਰ ਨਰੇਸ਼ਇੰਦਰ ਸਿੰਘ ਵਾਲੀਆ, ਬਲਵਿੰਦਰ ਸਿੰਘ ਅਤੇ ਜੀਵਨ ਲਾਲ ਗਰਗ, ਏ.ਪੀ.ਓ ਵਿਜੇ ਧੀਰ, ਈ.ਓ ਮੰਡੀ ਗੋਬਿੰਦਗੜ੍ਹ ਕੇ.ਐਸ ਬਰਾੜ, ਈ.ਓ ਸਰਹਿੰਦ ਅਸ਼ੋਕ ਪਥੇਰੀਆ, ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਪਰਮਜੀਤ ਕੌਰ ਸਿੱਧੂ ਆਦਿ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।