ਸਮੂਹ ਵਿਭਾਗਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਹਦਾਇਤ

Last Updated: Jul 11 2018 18:42

ਸੂਬਾ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਜ਼ਿਲ੍ਹੇ ਅੰਦਰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਗਈ। ਬੈਠਕ ਦੌਰਾਨ ਮਿਸ਼ਨ ਤਹਿਤ ਕੀਤੇ ਗਏ ਕੰਮਾਂ ਤੇ ਹੋਣ ਵਾਲੇ ਕੰਮਾਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਨੂੰ ਗੰਦਗੀ ਮੁਕਤ ਤੇ ਹਰਿਆ-ਭਰਿਆ ਬਣਾਉਣ ਲਈ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਤੇ ਨਾਲ-ਨਾਲ ਸਕੂਲਾਂ, ਆਂਗਣਵਾੜੀ ਸੈਂਟਰਾਂ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿਖੇ ਵੀ ਪੌਦੇ ਲਗਾਏ ਜਾਣ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਮਹੀਨੇ ਦੌਰਾਨ ਕੀਤੇ ਜਾਣ ਵਾਲੇ ਕੰਮਾਂ ਦੀ ਰਿਪੋਰਟ ਮਹੀਨੇ ਦੀ 5 ਤਾਰੀਖ ਤੱਕ ਭੇਜਣੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਖਾਣ-ਪੀਣ ਵਾਲੀ ਵਸਤੂਆਂ ਤੇ ਰਸਾਇਣ ਨਾਲ ਤਿਆਰ ਕੀਤੇ ਜਾਂਦੇ ਫਲਾਂ ਦੇ ਸਟੋਰਾਂ ਦੀ ਨਜ਼ਰਸਾਨੀ ਰੱਖੀ ਜਾਵੇ ਤੇ ਲੋੜ ਪੈਣ 'ਤੇ ਸੈਂਪਲ ਲੈ ਕੇ ਟੈਸਟ ਲਈ ਭੇਜਿਆ ਜਾਵੇ। ਉਨ੍ਹਾਂ ਜ਼ਿਲ੍ਹਾ ਖੇਡ ਅਫ਼ਸਰ ਨੂੰ ਕਿਹਾ ਕਿ ਹਰ ਮਹੀਨੇ ਸਬ ਡਵੀਜ਼ਨ ਤੇ ਜ਼ਿਲ੍ਹਾ ਪੱਧਰ 'ਤੇ ਖੇਡ ਮੇਲੇ ਕਰਵਾਏ ਜਾਣ। ਇਸ ਮਹੀਨੇ ਦੌਰਾਨ ਕਬੱਡੀ ਦੇ ਮੈਚ ਕਰਵਾਏ ਜਾਣਾ ਲਾਜ਼ਮੀ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਸੜਕਾਂ ਤੇ ਜਨਤਕ ਥਾਵਾਂ ਦੀ ਸਾਫ-ਸਫਾਈ 'ਤੇ ਪੂਰਾ ਧਿਆਨ ਦਿੱਤਾ ਜਾਵੇ ਅਤੇ ਜਿੱਥੇ ਵੀ  ਗੰਦਗੀ ਤੇ ਕੂੜਾ ਕਰਕਟ ਦੇ ਢੇਰ ਨਜ਼ਰ ਆਉਂਦੇ ਹਨ ਉਨ੍ਹਾਂ ਨੂੰ ਉੱਥੋਂ ਚੁਕਵਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਖਾਲੀ ਸਥਾਨਾਂ 'ਤੇ ਕਿਚਨ ਗਾਰਡਨ ਅਤੇ ਵੱਧ ਤੋਂ ਵੱਧ ਬੂਟੇ ਲਗਵਾਏ ਜਾਣ ਉੱਥੇ ਹੀ ਚਿੱਟੀ ਮੱਖੀ ਦੀ ਰੋਕਥਾਮ ਲਈ ਅਗਾਊਂ ਪ੍ਰਬੰਧ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾਣ। ਇਸ ਤਹਿਤ ਰੋਜ਼ਾਨਾ ਸਰਵੇ ਕੀਤਾ ਜਾਵੇ ਅਤੇ ਲੋੜੀਂਦੇ ਕੈਂਪ ਵੀ ਲਗਾਏ ਜਾਣ।