ਫੂਡ ਸੇਫਟੀ ਟੀਮ ਨੇ ਦੁੱਧ ਤੋਂ ਵਸਤਾਂ ਤਿਆਰ ਕਰਨ ਵਾਲੀਆਂ ਦੁਕਾਨਾਂ ਦੀ ਕੀਤੀ ਚੈਕਿੰਗ, 7 ਸੈਂਪਲ ਭਰੇ

Last Updated: Jul 11 2018 18:11

ਆਮ ਲੋਕਾਂ ਨੂੰ ਖਾਣ-ਪੀਣ ਵਾਲੀਆਂ ਮਿਆਰੀ ਅਤੇ ਮਿਲਾਵਟ ਰਹਿਤ ਵਸਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਸਾਂਝੇ ਤੌਰ ਤੇ ਮੰਡੀ ਗੋਬਿੰਦਗੜ੍ਹ ਸ਼ਹਿਰ 'ਚ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਫੂਡ ਸੇਫਟੀ ਟੀਮ ਵੱਲੋਂ ਦੁੱਧ ਤੋਂ ਤਿਆਰ ਵਸਤਾਂ ਦੇ 7 ਸੈਂਪਲ ਭਰੇ ਗਏ ਅਤੇ ਵਿਕਰੇਤਾਵਾਂ ਨੂੰ ਸ਼ੁੱਧ ਤੇ ਸਾਫ-ਸੁਥਰੀਆਂ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਟੀਮ ਨੇ ਦੁਕਾਨਦਾਰਾਂ ਨੂੰ ਦੁੱਧ ਦੀ ਗੁਣਵੱਤਾ ਲਈ ਵਿਸ਼ੇਸ਼ ਹਦਾਇਤਾਂ ਵੀ ਦਿੱਤੀਆਂ।

ਚੈਕਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਿਆਰੀ ਤੇ ਮਿਲਾਵਟ ਰਹਿਤ ਵਸਤਾਂ ਮੁਹੱਈਆ ਕਰਵਾਉਣ ਸਬੰਧੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਕੜੀ ਅਧੀਨ ਮੰਡੀ ਗੋਬਿੰਦਗੜ੍ਹ ਅਤੇ ਸਰਹਿੰਦ ਸ਼ਹਿਰ 'ਚ ਦੁੱਧ ਤੋਂ ਤਿਆਰ ਕਰਨ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਤੇ ਜਾਂਚ ਕੀਤੀ ਗਈ ਹੈ ਅਤੇ 7 ਸੈਂਪਲ ਭਰ ਕੇ ਜਾਂਚ ਲਈ ਜ਼ਿਲ੍ਹਾ ਲੈਬੋਰੇਟਰੀ 'ਚ ਭੇਜੇ ਗਏ ਹਨ। ਸੈਂਪਲਾਂ ਦੀ ਜਾਂਚ ਦੌਰਾਨ ਪਾਈ ਜਾਣ ਵਾਲੀ ਗੜਬੜੀ ਤੇ ਸਬੰਧਿਤ ਦੁਕਾਨਦਾਰ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਆਮ ਲੋਕਾਂ ਨੂੰ ਮਲੇਰੀਆ, ਡੇਂਗੂ ਤੇ ਚਿਕਨਗੁਨੀਆ ਤੋਂ ਬਚਾਅ ਸਬੰਧੀ ਪਿੰਡ ਬਰਵਾਲੀ ਖੁਰਦ, ਝਾਮਪੁਰ ਤੇ ਚੁੰਨੀ ਕਲਾਂ ਵਿਖੇ ਜਾਗਰੂਕਤਾ ਪ੍ਰੋਗਰਾਮ ਦਾ ਵੀ ਆਯੋਜਨ ਕਰਵਾਇਆ ਗਿਆ ਹੈ। ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਸਿਹਤ ਅਧਿਕਾਰੀਆਂ ਦੀ ਟੀਮਾਂ ਵੱਲੋਂ ਆਮ ਲੋਕਾਂ ਨੂੰ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਓ ਰੱਖਣ ਸਬੰਧੀ ਜਾਗਰੂਕ ਕਰਦੇ ਹੋਏ ਦਿਨ ਸਮੇਂ ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨਣ ਅਤੇ ਰਾਤ ਸਮੇਂ ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਊ ਕਰੀਮਾਂ ਜਾਂ ਬਿਜਲਈ ਯੰਤਰਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਜਮਾਂ ਨਾ ਹੋਣ ਦੇਣ ਸਬੰਧੀ ਵੀ ਜਾਗਰੂਕ ਕੀਤਾ ਅਤੇ ਡੇਂਗੂ ਦੇ ਕੇਸਾਂ ਦੀ ਭਾਲ ਕਰਨ ਲਈ ਫੀਵਰ ਸਰਵੇ ਕਰਵਾਇਆ ਗਿਆ।

ਸਿਵਲ ਸਰਜਨ ਡਾ. ਸੋਢੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸੀ.ਐਚ.ਸੀ ਚਨਾਰਥਲ ਕਲਾਂ, ਨੰਦਪੁਰ ਕਲੌੜ, ਖਮਾਣੋਂ, ਅਮਲੋਹ, ਖੇੜਾ ਅਤੇ ਮੰਡੀ ਗੋਬਿੰਦਗੜ੍ਹ ਵਿਖੇ 30 ਸਾਲ ਤੋਂ ਵੱਧ ਉਮਰ ਦੇ 181 ਵਿਅਕਤੀਆਂ ਦਾ ਮੁਫਤ ਮੈਡੀਕਲ ਚੈਕਅੱਪ ਕੀਤਾ ਗਿਆ ਅਤੇ ਰਾਸ਼ਟਰੀ ਬਾਲ ਸੁਰਕਸ਼ਾ ਕਾਰਿਆਕ੍ਰਮ ਤਹਿਤ ਮੋਬਾਈਲ ਸਿਹਤ ਟੀਮ ਵੱਲੋਂ ਜ਼ਿਲ੍ਹੇ ਦੇ 5 ਸਕੂਲਾਂ ਅਤੇ 7 ਆਂਗਣਵਾੜੀ ਕੇਂਦਰਾਂ 'ਚ 370 ਬੱਚਿਆਂ ਦੀ ਸਿਹਤ ਦੀ ਮੁਫਤ ਜਾਂਚ ਕੀਤੀ ਗਈ। ਸਿਹਤ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਦੇ ਬਾਅਦ 77 ਬੱਚਿਆਂ ਨੂੰ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਲਈ ਰੈਫਰ ਕੀਤਾ ਗਿਆ। ਇਸਦੇ ਨਾਲ ਹੀ ਵੱਖ-ਵੱਖ ਸਿਹਤ ਸੰਸਥਾਵਾਂ 'ਚ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ ਜਿਸ 'ਚ ਆਮ ਲੋਕਾਂ ਨੂੰ ਛੋਟਾ ਪਰਿਵਾਰ ਸੁਖੀ ਪਰਿਵਾਰ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਵਧਦੀ ਆਬਾਦੀ 'ਤੇ ਕਾਬੂ ਪਾਉਣ ਦੇ ਉਪਰਾਲੇ ਦੱਸੇ ਗਏ।