ਦੇਰ ਰਾਤ ਖੁੱਲ੍ਹੇ ਠੇਕਿਆਂ ਤੇ ਛਾਪੇ ਮਾਰ ਵਾਹ ਵਾਹੀ ਲੁੱਟ ਗਏ ਐਕਸਾਈਜ਼ ਮਹਿਕਮੇ ਵਾਲੇ

Last Updated: Jul 11 2018 18:16

ਮੁੱਖਮੰਤਰੀ ਦੇ ਸ਼ਹਿਰ ਵਿੱਚ ਹੀ ਸ਼ਰਾਬ ਦੇ ਠੇਕੇ ਕਾਨੂੰਨੀ ਨਿਰਧਾਰਿਤ ਸਮੇਂ ਤੋਂ ਬਾਅਦ ਦੇਰ ਰਾਤ ਬਾਰਾਂ ਵਜੇ ਤੱਕ ਖੁੱਲ੍ਹੇ ਹੋਣ ਦੀਆਂ ਖਬਰਾਂ ਛਪਣ ਤੋਂ ਬਾਅਦ ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮੇ ਦੀ ਇੱਕ ਟੀਮ ਨੇ ਪਿਛਲੇ ਦਿਨੀਂ ਰਾਤ ਨੂੰ ਸ਼ਹਿਰ ਵਿੱਚ ਕਈ ਜਗ੍ਹਾਵਾਂ ਉੱਤੇ ਛਾਪੇਮਾਰੀ ਕੀਤੀ ਅਤੇ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਮਿਲੀਆਂ ਉਨ੍ਹਾਂ ਦੇ ਚਲਾਨ ਕੱਟੇ। 22 ਨੰਬਰ ਫਾਟਕ ਤੋਂ ਆਪਣੀ ਰੇਡ ਨੂੰ ਸ਼ੁਰੂ ਕਰਦੀ ਟੀਮ ਫਵਾਰਾ ਚੌਂਕ ਪਹੁੰਚੀ ਜਿੱਥੇ ਸ਼ਰਾਬ ਦੇ ਠੇਕੇ ਸਾਢੇ 11 ਵੱਜੇ ਹੋਣ ਦੇ ਬਾਵਜੂਦ ਸ਼ਰੇਆਮ ਖੁੱਲ੍ਹੇ ਸੀ, ਬੱਸ ਫਿਰ ਕੀ ਸੀ, ਟੀਮ ਨੇ ਉਕਤ ਠੇਕੇ ਵਿੱਚ ਚੈਕਿੰਗ ਕਰਨ ਤੋਂ ਬਾਅਦ ਉਸ ਖ਼ਿਲਾਫ਼ ਚਲਾਣ ਕੱਟ ਦਿੱਤਾ। ਐਨੇ ਨੂੰ ਮੌਕਾ ਸੰਭਾਲਦੇ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮ ਵੀ ਮੌਕੇ ਉੱਤੇ ਪਹੁੰਚ ਗਏ ਸਨ, ਜਿਨ੍ਹਾਂ ਨੇ ਠੇਕੇ ਨੂੰ ਬੰਦ ਕਰਵਾਉਂਦੇ ਹੋਏ ਐਕਸਾਈਜ਼ ਮਹਿਕਮੇ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਕਾਰਵਾਈ ਪੂਰੀ ਕਰਵਾਈ। ਉਕਤ ਕਾਰਵਾਈ ਨੂੰ ਐਕਸਾਈਜ਼ ਇੰਸਪੈਕਟਰ ਗੁਰਪ੍ਰੀਤ ਸਿੰਘ ਢੀਂਡਸਾ ਨੇ ਅੰਜਾਮ ਦੇਣ ਦੇ ਬਾਅਦ ਚਲਾਣ ਭਰਕੇ ਸੀਨੀਅਰ ਅਧਿਕਾਰੀਆਂ ਨੂੰ ਸੌਂਪ ਦਿੱਤਾ। ਹੁਣ ਅਧਿਕਾਰੀ ਉਕਤ ਠੇਕੇ ਤੋਂ ਜੁਰਮਾਨਾ ਵਸੂਲ ਕਰਣਗੇ ਅਤੇ ਜ਼ਰੂਰਤ ਪੈਣ ਉੱਤੇ ਸ਼ਰਾਬ ਦੇ ਠੇਕਿਆਂ ਨੂੰ ਇੱਕ ਦਿਨ ਲਈ ਸੀਲ ਵੀ ਕੀਤਾ ਜਾ ਸਕਦਾ ਹੈ।