ਕੋਈ ਵੀ ਕੈਮਿਸਟ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈਆਂ ਅਤੇ ਸਰਿੰਜਾਂ ਨਾ ਵੇਚੇ: ਡੀ.ਸੀ ਬਰਾੜ

Last Updated: Jul 11 2018 16:59

ਕੈਮਿਸਟ ਸਟੋਰਾਂ ਤੇ ਵਿਕਣ ਵਾਲੀਆਂ ਜੀਵਨਰਕਸ਼ਕ ਦਵਾਈਆਂ ਅਤੇ ਸਰਿੰਜਾਂ ਦਾ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਵੱਲੋਂ ਕੀਤੇ ਜਾਣ ਵਾਲੇ ਗਲਤ ਇਸਤੇਮਾਲ ਨੂੰ ਰੋਕਣ ਅਤੇ ਨਸ਼ਿਆਂ ਦੇ ਖ਼ਾਤਮੇ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੰਵਲਪ੍ਰੀਤ ਬਰਾੜ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੀਆਂ ਸਮੂਹ ਕੈਮਿਸਟ ਐਸੋਸੀਏਸ਼ਨਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕੈਮਿਸਟ ਸਟੋਰ ਮਾਲਕਾਂ ਨਾਲ ਨਸ਼ਿਆਂ ਦੇ ਖ਼ਾਤਮੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਿਨਾਂ ਡਾਕਟਰੀ ਸਲਿੱਪ ਗ੍ਰਾਹਕਾਂ ਨੂੰ ਦਵਾਈਆਂ ਅਤੇ ਸਰਿੰਜਾਂ ਨਾ ਵੇਚੇ ਜਾਣ ਸਬੰਧੀ ਚੇਤਾਵਨੀ ਦਿੱਤੀ ਗਈ।

ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਮੈਡੀਕਲ ਸਟੋਰਾਂ ਤੇ ਵਿਕਦੀਆਂ ਦਵਾਈਆਂ ਅਤੇ ਸਰਿੰਜਾਂ ਦਾ ਨਸ਼ਾ ਕਰਨ ਵਾਲੇ ਵਿਅਕਤੀਆਂ ਵੱਲੋਂ ਕੀਤੇ ਜਾਂਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਿਨਾਂ ਡਾਕਟਰੀ ਸਲਿੱਪ ਦਵਾਈਆਂ ਅਤੇ ਸਰਿੰਜਾਂ ਵੇਚੇ ਜਾਣ ਤੇ ਪਾਬੰਦੀ ਲਗਾਈ ਗਈ ਹੈ। ਨਸ਼ਿਆਂ 'ਚ ਫਸੇ ਨੌਜਵਾਨਾਂ ਵੱਲੋਂ ਨਸ਼ਿਆਂ ਦੀ ਪ੍ਰਾਪਤੀ ਲਈ ਸਰਿੰਜਾਂ ਦੀ ਵਰਤੋਂ ਕਾਰਨ ਸਰਿੰਜਾਂ ਦੀ ਵਿੱਕਰੀ ਤੇ ਰੋਕ ਲਗਾਉਣਾ ਬਹੁਤ ਜਰੂਰੀ ਹੈ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨੌਜਵਾਨਾਂ ਦੀ ਤੰਦਰੁਸਤੀ ਲਈ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸਾਡੀ ਸਭ ਦੀ ਨੈਤਿਕ ਜਿੰਮੇਵਾਰੀ ਹੈ।

ਇਸ ਮੌਕੇ ਉਨ੍ਹਾਂ ਨੇ ਕੈਮਿਸਟਾਂ ਨੂੰ ਹਦਾਇਤ ਕੀਤੀ ਕਿ ਸਰਿੰਜਾਂ ਦੀ ਵਿੱਕਰੀ ਸਬੰਧੀ ਰਿਕਾਰਡ ਮੇਨਟੇਨ ਕੀਤਾ ਜਾਵੇ ਜਿਸ ਵਿੱਚ ਪਰਚੀ ਤੇ ਲਿਖੇ ਡਾਕਟਰ ਦੇ ਨਾਂਅ ਤੋਂ ਇਲਾਵਾ ਸਰਿੰਜ ਖ਼ਰੀਦਣ ਵਾਲੇ ਦਾ ਨਾਂਅ, ਪਤਾ ਅਤੇ ਮੋਬਾਈਲ ਨੰਬਰ ਦਰਜ ਕੀਤਾ ਜਾਵੇ। ਮਹੀਨੇ ਦੌਰਾਨ ਖ਼ਰੀਦੀਆਂ ਅਤੇ ਵੇਚੀਆਂ ਗਈਆਂ ਸਰਿੰਜਾਂ ਤੋਂ ਇਲਾਵਾ ਸਟਾਕ 'ਚ ਬਾਕੀ ਮੌਜੂਦ ਸਰਿੰਜਾਂ ਦੀ ਗਿਣਤੀ ਦਾ ਰਿਕਾਰਡ ਰੱਖਿਆ ਜਾਵੇ। ਇਸ ਤੋਂ ਇਲਾਵਾ ਸਰਿੰਜਾਂ ਦੀ ਵਿਕਰੀ ਸਬੰਧੀ ਪੂਰੇ ਮਹੀਨੇ ਦੀ ਸਟੇਟਮੈਂਟ ਤਿਆਰ ਕਰਕੇ ਸਿਹਤ ਵਿਭਾਗ ਨੂੰ ਭੇਜੀ ਜਾਵੇ।

ਸ਼੍ਰੀਮਤੀ ਬਰਾੜ ਨੇ ਕਿਹਾ ਕਿ ਇੰਨਸੁਲਿਨ ਦੇ ਇੰਜੈਕਸ਼ਨ ਲੈਣ ਲਈ ਸਰਿੰਜ ਖ਼ਰੀਦਣ ਵਾਲੇ ਸ਼ੂਗਰ ਦੇ ਮਰੀਜਾਂ ਦੀ ਪਹਿਚਾਣ ਰੱਖੀ ਜਾਵੇ ਅਤੇ ਉਨ੍ਹਾਂ ਤੋਂ ਇਲਾਵਾ ਇੰਨਸੁਲਿਨ ਲੈਣ ਲਈ ਮਰੀਜ ਦੇ ਨਾਂਅ ਤੇ ਸਰਿੰਜ ਦੀ ਮੰਗ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਰੱਖੀ ਜਾਵੇ ਅਤੇ ਗਲਤ ਵਿਅਕਤੀ ਲੱਗਣ ਤੇ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੈਬੋਰੇਟਰੀਆਂ 'ਚ ਕੀਤੇ ਜਾਂਦੇ ਟੈਸਟਾਂ ਲਈ ਅਤੇ ਹੋਰ ਪ੍ਰਾਈਵੇਟ ਨਰਸਿੰਗ ਹੋਮਾਂ 'ਚ ਵੀ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਸਰਿੰਜਾਂ ਤੇ ਸਟਾਕ ਦੀ ਚੈਕਿੰਗ ਕੀਤੀ ਜਾਵੇ। ਵਿਭਾਗ ਨੂੰ ਬਿਨਾਂ ਲਾਇਸੰਸ ਚੱਲ ਰਹੀਆਂ ਲੈਬੋਰੇਟਰੀਆਂ ਦੀ ਲਿਸਟ ਤਿਆਰ ਕਰਕੇ ਡੀ.ਸੀ ਆਫ਼ਿਸ 'ਚ ਜਮਾਂ ਕਰਵਾਉਣ ਦੀ ਹਦਾਇਤ ਕੀਤੀ ਗਈ ਤਾਂ ਕਿ ਉਨ੍ਹਾਂ ਤੇ ਨਜਰ ਰੱਖੀ ਜਾ ਸਕੇ।

ਡੀ.ਸੀ ਸ਼੍ਰੀਮਤੀ ਬਰਾੜ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਮਾਜ ਦੀ ਜਿੰਮੇਵਾਰੀ ਹੈ। ਨਸ਼ੇ 'ਚ ਫਸੇ ਕਿਸੇ ਵੀ ਨੌਜਵਾਨ ਦੇ ਪਰਿਵਾਰ ਨੂੰ ਇਸ ਗੱਲ ਨੂੰ ਲੁਕਾਉਣ ਦੀ ਬਜਾਏ ਉਸਦਾ ਇਲਾਜ ਕਰਵਾ ਕੇ ਉਸਨੂੰ ਸਮਾਜ ਨਾਲ ਜੋੜਣਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਸਿਰਫ਼ ਇੱਕ ਨੌਜਵਾਨ ਦੀ ਜਿੰਦਗੀ ਹੀ ਨਹੀਂ ਬਲਕਿ ਕਈ ਘਰ ਟੁੱਟਣ ਅਤੇ ਬਰਬਾਅਦ ਹੋਣੋਂ ਬਚਾਏ ਜਾ ਸਕਦੇ ਹਨ। ਨਸ਼ਿਆਂ ਦੀ ਰੋਕਥਾਮ ਲਈ ਉਨ੍ਹਾਂ ਕੈਮਿਸਟ ਐਸੋਸੀਏਸ਼ਨਾਂ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਕੈਮਿਸਟਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਬਿਨਾਂ ਡਾਕਟਰੀ ਪਰਚੀ ਦਵਾਈਆਂ ਅਤੇ ਸਰਿੰਜਾਂ ਵੇਚਣ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਐਚ.ਐਸ ਚੰਨੀ ਨੇ ਡਿਪਟੀ ਕਮਿਸ਼ਨਰ ਨੂੰ ਐਸੋਸੀਏਸ਼ਨ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਉਂਦੇ ਕਿਹਾ ਕਿ ਸਰਿੰਜਾਂ ਦੀ ਵਿੱਕਰੀ 'ਚ ਦੋਸ਼ੀ ਪਾਏ ਗਏ ਕੈਮਿਸਟ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ ਅਤੇ ਉਸਦੀ ਤੇ ਉਸਦੇ ਪਰਿਵਾਰ ਦੀ ਕੋਈ ਮਦਦ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਮਿਸ਼ਨ ਦੀ ਕਾਮਯਾਬੀ ਲਈ ਪ੍ਰਾਈਵੇਟ ਕੰਪਨੀਆਂ ਵੱਲੋਂ ਆਨਲਾਈਨ ਸਪਲਾਈ ਕੀਤੀਆਂ ਜਾਂਦੀਆਂ ਦਵਾਈਆਂ ਅਤੇ ਸਰਿੰਜਾਂ ਤੇ ਰੋਕ ਲਗਾਉਣਾ ਵੀ ਬਹੁਤ ਜਰੂਰੀ ਹੈ।

ਇਸ ਮੀਟਿੰਗ 'ਚ ਐਸਡੀਐਮ ਅਮਲੋਹ ਜਸਪ੍ਰੀਤ ਸਿੰਘ, ਐਸਡੀਐਮ ਫ਼ਤਿਹਗੜ੍ਹ ਸਾਹਿਬ ਮਨਜੀਤ ਸਿੰਘ ਚੀਮਾ, ਐਸਡੀਐਮ ਖਮਾਣੋ ਸ਼੍ਰੀਮਤੀ ਈਸ਼ਾ ਸਿੰਘਲ, ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਨਵਪ੍ਰੀਤ ਸਿੰਘ ਆਦਿ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਦੀਆਂ ਕੈਮਿਸਟ ਐਸੋਸੀਏਸ਼ਨਾਂ ਦੇ ਅਹੁਦੇਦਾਰ ਮੌਜੂਦ ਸਨ।