...ਆਖਿਰ ਸਰਕਾਰਾਂ ਕਿਉਂ ਮੋੜ ਲੈਂਦੀਆਂ ਨੇ ਇਤਿਹਾਸਿਕ ਯਾਦਗਾਰਾਂ ਤੋਂ ਮੁੱਖ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 11 2018 16:38

ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਨੇ ਭਾਰਤ 'ਤੇ ਰਾਜ ਕੀਤਾ, ਹਰ ਸਰਕਾਰ ਨੇ ਆਪਣੇ ਹੀ ਗੀਜ਼ੇ ਭਰਨ ਦੀ ਸੋਚੀ। ਕਿਸੇ ਵੀ ਸਰਕਾਰ ਨੇ ਇਤਿਹਾਸਿਕ ਯਾਦਗਾਰਾਂ ਦੇ ਵੱਲ ਮੁੱਖ ਨਹੀਂ ਕੀਤਾ। ਪਰ..!! ਪਤਾ ਨਹੀਂ ਸਰਕਾਰਾਂ ਨੂੰ ਕੀ ਲੱਗਦਾ ਰਿਹਾ ਕਿ ਜੇਕਰ ਇਤਿਹਾਸਿਕ ਯਾਦਗਾਰਾਂ ਬਣਾ ਦਿੱਤੀਆਂ ਤਾਂ ਦੇਸ਼ ਦੀ ਜਵਾਨੀ ਮਹਾਨ ਯੋਧਿਆਂ ਨੂੰ ਯਾਦ ਕਰੇਗੀ ਅਤੇ ਆਪਣੇ ਹੱਕਾਂ ਲਈ ਅੱਗੇ ਆਵੇਗੀ। ਖੌਰੇ ਇਸੇ ਕਰਕੇ ਹੀ ਸਰਕਾਰਾਂ ਦੇ ਮਨ ਵਿੱਚ ਇਹ ਖੋਟ ਰਹੀ ਅਤੇ ਉਹ ਅਜ਼ਾਦੀ ਦੇ ਕਰੀਬ 70 ਵਰ੍ਹਿਆਂ ਵਿੱਚੋਂ ਵੀ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਬਣਾਉਣ ਤੋਂ ਇਲਾਵਾ ਸਾਂਭਣ ਲਈ ਟਾਲ ਮਟੋਲ ਕਰ ਰਹੀਆਂ ਹਨ। 

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਭਾਵੇਂ ਹੀ ਪੰਜਾਬ ਸਰਕਾਰ ਵੱਲੋਂ ਮਿਨਾਰ-ਏ-ਖ਼ਾਲਸਾ ਵਰਗੇ ਇਤਿਹਾਸਕ ਸਥਾਨ ਕਰੋੜਾਂ ਰੁਪਏ ਖ਼ਰਚ ਕਰਕੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਾਏ ਗਏ ਹਨ, ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਾਡੇ ਸੂਰਬੀਰ ਯੋਧਿਆਂ ਦੀ ਯਾਦਾਂ ਨੂੰ ਦਰਸਾਉਂਦੇ ਕਈ ਇਤਿਹਾਸਿਕ ਸਥਾਨ ਸਰਕਾਰਾਂ ਦੀ ਅਣਦੇਖੀ ਅਤੇ ਅਧਿਕਾਰੀਆਂ ਦੀ ਲਾਪਰਵਾਹੀ ਦੇ ਕਾਰਨ ਮਿਟਦੇ ਜਾਂਦੇ ਨਜ਼ਰੀ ਆ ਰਹੇ ਹਨ। ਦੱਸ ਦਈਏ ਕਿ ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਸੰਸਾਰ ਜੰਗ ਜੋ 18 ਦਸੰਬਰ ਸੰਨ 1845 ਤੋਂ 10 ਫਰਵਰੀ 1846 ਦਰਮਿਆਨ ਮੁੱਦਕੀ, ਫ਼ਿਰੋਜ਼ਪੁਰ, ਮਿਸ਼ਰੀ ਵਾਲਾ, ਬੱਦੋਵਾਲ, ਚੇਲਿਆਂ ਵਾਲਾ, ਸਭਰਾਵਾਂ ਦੇ ਮੈਦਾਨ 'ਤੇ ਹੋਈ ਸੀ। 

ਇਨ੍ਹਾਂ ਸਿੱਖ ਯੋਧਿਆਂ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਤਾਜ਼ਾ ਰੱਖਣ ਲਈ ਘੱਲ ਖ਼ੁਰਦ ਵਿਖੇ ਜੌੜੀਆਂ ਨਹਿਰਾਂ ਨਜ਼ਦੀਕ ਸੰਨ 1974 ਵਿੱਚ ਇਸ ਇਤਿਹਾਸਕ ਯਾਦਗਾਰ ਐਂਗਲੋ ਸਿੱਖ ਵਾਰ ਮੈਮੋਰੀਅਲ ਦਾ ਨੀਂਹ ਪੱਥਰ ਸੰਜੇ ਗਾਂਧੀ ਵੱਲੋਂ ਰੱਖਿਆ ਗਿਆ ਅਤੇ ਸੰਨ 1976 ਵਿੱਚ ਬਣ ਕੇ ਤਿਆਰ ਹੋਈ, ਜਿਸ ਵਿੱਚ ਸੂਰਬੀਰ ਯੋਧਿਆਂ ਵੱਲੋਂ ਜੰਗ ਵਿੱਚ ਵਰਤੇ ਗਏ ਹਥਿਆਰ ਤਲਵਾਰਾਂ, ਨੇਜੇ, ਚਾਲਾਂ, ਕਟਾਰਾਂ, ਬਰਸ਼ੇ, ਵੱਡੀਆਂ ਤੋਪਾਂ ਆਦਿ ਹਥਿਆਰ ਰੱਖੇ ਗਏ। ਬੀਤੇ ਦਿਨ 'ਨਿਊਜ਼ਨੰਬਰ' ਟੀਮ ਵੱਲੋਂ ਜਦੋਂ ਫ਼ਿਰੋਜ਼ਸ਼ਾਹ ਵਿਖੇ ਬਣੇ ਇਤਿਹਾਸਕ ਯਾਦਗਾਰੀ ਇਮਾਰਤ ਵਿੱਚ ਜਾ ਕੇ ਦੇਖਿਆ ਗਿਆ ਤਾਂ ਇਸ ਇਮਾਰਤ ਦੇ ਬਾਹਰਵਾਰ ਚਾਰ-ਚੁਫੇਰੇ ਜੰਗਲੀ ਘਾਹ-ਫੂਸ ਉੱਗਿਆ ਹੋਇਆ ਹੈ।

ਇਮਾਰਤ ਦੇ ਬਾਹਰ ਛੱਤ ਉੱਪਰ ਡੂਮਣੇ ਦੀਆਂ ਮੱਖੀਆਂ ਦੇ ਛੱਤੇ ਲੱਗੇ ਹੋਏ ਹਨ, ਜੋ ਕਦੇ ਵੀ ਇਸ ਯਾਦਗਾਰ ਨੂੰ ਦੇਖਣ ਲਈ ਆਉਣ ਵਾਲੇ ਸੈਲਾਨੀਆਂ ਦੀ ਜਾਨ ਦਾ ਖੌਅ ਬਣ ਸਕਦੇ ਹਨ। ਦੱਸ ਦਈਏ ਕਿ ਪੁਰਾਤਤਵ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਇਸ ਇਤਿਹਾਸਿਕ ਇਮਾਰਤ ਵਿੱਚ ਰੱਖੀਆਂ ਇਤਿਹਾਸਕ ਤੋਪਾਂ ਜਿਸ 'ਤੇ ਅਕਾਲ ਸਹਾਏ, ਭਾਈ ਸੁੱਖਾ ਸਿੰਘ ਲਿਖਿਆ ਹੋਇਆ ਸੀ, ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਿਨ੍ਹਾਂ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਿੱਪਾ-ਪੋਚੀ ਕਰਕੇ ਕੰਮ ਚਲਾਇਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਇਸ ਇਤਿਹਾਸਕ ਯਾਦਗਾਰ ਅੰਦਰੋਂ ਬਹੁਮੁੱਲੀਆਂ ਇਤਿਹਾਸਕ ਦੋ ਪਿਸਤੌਲਾਂ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ।

ਜਿਨ੍ਹਾਂ ਬਾਰੇ ਪਤਾ ਲਗਾਉਣ ਵਿੱਚ ਵਿਭਾਗ ਅਜੇ ਤੱਕ ਨਕਾਮ ਰਿਹਾ। ਇਨ੍ਹਾਂ ਇਤਿਹਾਸਕ ਪਿਸਤੌਲਾਂ ਦੇ ਚੋਰੀ ਹੋਣ ਸਬੰਧੀ ਥਾਣਾ ਘੱਲ ਖ਼ੁਰਦ ਵਿਖੇ ਮਿਤੀ 4 ਜੂਨ 2006 ਨੂੰ ਯਾਦਗਾਰ ਦੇ ਹੀ 10 ਮੁਲਾਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਸਾਹਮਣੇ ਆਇਆ ਕਿ ਇੱਕ ਪਿਸਤੌਲ ਤਾਂ ਸੰਨ 1988 ਤੋਂ ਹੀ ਗਾਇਬ ਹੋ ਚੁੱਕਾ ਸੀ ਅਤੇ ਦੂਜਾ ਸੰਨ 2003 ਤੋਂ ਗਾਇਬ ਹੈ। ਵਿਭਾਗੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਜਦੋਂ ਪਿਸਟਲ ਗਾਇਬ ਹੋਏ ਉਸ ਵਕਤ ਯਾਦਗਾਰ ਦੇ ਮੁਲਾਜ਼ਮਾਂ ਵੱਲੋਂ ਆਪਣੀ ਜਾਨ ਬਚਾਉਣ ਲਈ ਉਸ ਜਗ੍ਹਾ ਲੱਕੜ ਦੇ ਪਿਸਟਲ ਟੰਗ ਦਿੱਤੇ ਗਏ ਸਨ।

ਪਰ..!! ਜਦੋਂ ਪੁਰਾਤਤਵ ਵਿਭਾਗ ਦੀ ਟੀਮ ਵੱਲੋਂ ਦੌਰਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਸ਼ੱਕ ਪੈਣ 'ਤੇ ਪੂਰਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਪੁਲਿਸ ਕਾਰਵਾਈ ਦੌਰਾਨ ਹੀ ਸਾਰਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਕਿ ਇਤਿਹਾਸਕ ਪਿਸਟਲ ਕਿਧਰ ਗਏ ਜਾਂ ਕੌਣ ਲੈ ਗਿਆ। ਇਸ ਇਤਿਹਾਸਕ ਯਾਦਗਾਰ ਦੀ ਵਿਗੜ ਰਹੀ ਹਾਲਤ ਬਾਰੇ ਜਦੋਂ 'ਨਿਊਜ਼ਨੰਬਰ' ਵੱਲੋਂ ਸਮਾਜ ਸੇਵੀ ਹਰਜੀਤ ਸਿੰਘ, ਰਾਜਨ ਸੰਧਾ, ਗੁਰਮੇਲ ਗੈਰੀ ਅਤੇ ਹੋਰਨਾਂ ਜੱਥੇਬੰਦੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕਾਫ਼ੀ ਚਿੰਤਤ ਹਨ ਕਿ ਸਿੱਖ ਯੋਧਿਆਂ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਦਰਸਾਉਂਦੀਆਂ ਤਸਵੀਰਾਂ ਦੀ ਹਾਲਤ ਵੀ ਅੱਜਕੱਲ੍ਹ ਨਾਜ਼ੁਕ ਸਥਿਤੀ ਵਿੱਚ ਹੈ। 

ਜਿਨ੍ਹਾਂ ਨੂੰ ਉਸ ਸਮੇਂ ਦੇ ਚਿੱਤਰਕਾਰ ਕਿਰਪਾਲ ਸਿੰਘ ਨੇ ਆਪਣੀ ਅਣਥੱਕ ਮਿਹਨਤ ਨਾਲ ਬਣਾਇਆ ਸੀ, ਜੇਕਰ ਇਨ੍ਹਾਂ ਤਸਵੀਰਾਂ ਦੀ ਸਮੇਂ ਸਿਰ ਸੰਭਾਲ ਨਾ ਕੀਤੀ ਗਈ ਤਾਂ ਬਹੁ-ਕੀਮਤੀ ਤਸਵੀਰਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ। ਕੁਝ ਸਮਾਂ ਬਾਅਦ ਖਾਲੀ ਬੋਰਡ ਟੰਗੇ ਨਜ਼ਰ ਆਉਣਗੇ। ਇਸ ਮਾਮਲੇ ਨੂੰ ਲੈ ਕੇ ਜਦੋਂ ਮਿਊਜ਼ੀਅਮ ਕੀਪਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਯਾਦਗਾਰ ਦੀ ਸਾਂਭ-ਸੰਭਾਲ ਅਤੇ ਮੁਰੰਮਤ ਲਈ ਪ੍ਰਪੋਜ਼ਲ ਬਣਾ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾ ਚੁੱਕਾ ਹੈ ਅਤੇ ਜਲਦੀ ਹੀ ਇਸ ਇਮਾਰਤ ਦੀ ਰਿਪੇਅਰ ਦਾ ਕੰਮ ਸ਼ੁਰੂ ਹੋ ਜਾਵੇਗਾ, ਪਰ ਸਰਕਾਰੀ ਕੰਮਾਂ ਵਿੱਚ ਸਮਾਂ ਜ਼ਰੂਰ ਲੱਗਦਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।