ਵਿਆਹੁਤਾ ਨੇ ਫਾਹਾ ਲਗਾ ਕੇ ਦਿੱਤੀ ਜਾਨ, ਪਤੀ ਅਤੇ ਸਹੁਰਾ ਪਰਿਵਾਰ ਖਿਲਾਫ਼ ਪਰਚਾ ਦਰਜ

Last Updated: Jul 11 2018 15:19

ਦਹੇਜ ਦੀ ਮੰਗ ਕੀਤੇ ਜਾਣ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਇੱਕ ਵਿਆਹੁਤਾ ਵੱਲੋਂ ਨਜ਼ਦੀਕੀ ਦੋਰਾਹਾ ਸ਼ਹਿਰ 'ਚ ਆਪਣੇ ਘਰ ਅੰਦਰ ਛੱਤ ਵਾਲੇ ਪੱਖੇ ਨਾਲ ਚੁੰਨੀ ਦਾ ਫਾਹਾ ਬਣਾ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਬਾਅਦ ਤੋਂ ਮ੍ਰਿਤਕਾ ਦਾ ਪਤੀ ਅਤੇ ਸਹੁਰਾ ਪਰਿਵਾਰ ਆਪਣੇ ਘਰ ਤੋਂ ਗਾਇਬ ਹੋ ਗਿਆ। ਖੁਦਕੁਸ਼ੀ ਕਰਨ ਵਾਲੀ ਮਹਿਲਾ ਦੀ ਪਹਿਚਾਣ ਸੋਹਣਜੀਤ ਕੌਰ ਵਾਸੀ ਸਤਨਾਮ ਨਗਰ, ਦੋਰਾਹਾ ਵਜੋਂ ਹੋਈ ਹੈ। ਵਿਆਹੁਤਾ ਵੱਲੋਂ ਖੁਦਕੁਸ਼ੀ ਕੀਤੇ ਜਾਣ ਬਾਰੇ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ਤੇ ਉਸ ਦੇ ਪਤੀ, ਸੱਸ ਤੇ ਸਹੁਰਾ ਤੋਂ ਇਲਾਵਾ ਹੋਰ ਮੈਂਬਰਾਂ ਦੇ ਖਿਲਾਫ਼ ਆਤਮਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਨਿਊ ਨਰੋਤਮ ਨਗਰ, ਰਤਨਹੇੜੀ ਰੋਡ ਖੰਨਾ ਦੇ ਰਹਿਣ ਵਾਲੇ ਵਿਆਹੁਤਾ ਦੇ ਪਿਤਾ ਨਰਾਤਾ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨ 'ਚ ਦੱਸਿਆ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਉਸ ਦੀ ਲੜਕੀ ਸੋਹਣਜੀਤ ਕੌਰ ਦਾ ਵਿਆਹ ਦੋਰਾਹਾ ਦੇ ਸਤਨਾਮ ਨਗਰ ਵਾਸੀ ਰਿੰਕੂ ਦੇ ਨਾਲ ਧਾਰਮਿਕ ਰੀਤੀ ਰਿਵਾਜ਼ਾਂ ਦੇ ਮੁਤਾਬਕ ਹੋਇਆ ਸੀ। ਉਸ ਨੇ ਵਿਆਹ ਸਮੇਂ ਆਪਣੀ ਹੈਸੀਅਤ ਦੇ ਮੁਤਾਬਕ ਆਪਣੀ ਲੜਕੀ ਨੂੰ ਘਰੇਲੂ ਸਮਾਨ ਦਹੇਜ ਦੇ ਰੂਪ 'ਚ ਦਿੱਤਾ ਸੀ। ਵਿਆਹ ਤੋਂ ਕੁਝ ਸਮਾਂ ਠੀਕ ਬੀਤਣ ਦੇ ਬਾਅਦ ਉਸ ਦੀ ਲੜਕੀ ਨੂੰ ਉਸ ਦੇ ਜਵਾਈ ਅਤੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਮਾਰਕੁੱਟ ਕਰਦੇ ਹੋਏ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।

ਸ਼ਿਕਾਇਤਕਰਤਾ ਨੇ ਦੋਸ਼ ਲਗਾਉਂਦੇ ਦੱਸਿਆ ਹੈ ਕਿ ਬੀਤੇ ਦਿਨ ਉਸ ਦੀ ਲੜਕੀ ਨੇ ਮੋਬਾਇਲ ਫੋਨ ਕਰਕੇ ਉਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਕੂਲਰ ਨੂੰ ਲੈ ਕੇ ਉਸ ਦੀ ਸੱਸ ਅਤੇ ਹੋਰ ਮੈਂਬਰ ਬੁਰਾ ਭਲਾ ਕਹਿੰਦੇ ਤੰਗ ਪਰੇਸ਼ਾਨ ਕਰਦੇ ਹਨ। ਉਸ ਵੱਲੋਂ ਵਿਰੋਧ ਕੀਤੇ ਜਾਣ ਤੇ ਉਸ ਦੇ ਨਾਲ ਮਾਰਕੁੱਟ ਕੀਤੀ ਜਾਂਦੀ ਹੈ ਅਤੇ ਉਸ ਨੂੰ ਆ ਕੇ ਇੱਥੋਂ ਲੈ ਜਾਉ। ਇਸ ਦੇ ਬਾਅਦ ਜਦੋਂ ਉਹ ਆਪਣੀ ਲੜਕੀ ਨੂੰ ਲਿਆਉਣ ਉਸ ਦੇ ਸਹੁਰਾ ਘਰ ਪਹੁੰਚੇ ਤਾਂ ਦੇਖਿਆ ਕਿ ਉਸ ਦੀ ਲੜਕੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਬਾਅਦ 'ਚ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲਣ ਤੇ ਪੁਲਿਸ ਮੁਲਾਜ਼ਮਾਂ ਨੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕੀਤੀ।

ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਿਤਾ ਨਰਾਤਾ ਸਿੰਘ ਦੇ ਬਿਆਨ ਤੇ ਮਹਿਲਾ ਦੇ ਪਤੀ ਰਿੰਕੂ, ਸਹੁਰਾ ਜੱਗਾ, ਸੱਸ ਗੁਰਦੇਵ ਕੌਰ, ਜੇਠ ਗੋਲਾ ਅਤੇ ਜੇਠਾਣੀ ਰਾਣੀ ਦੇ ਖਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਆਰੋਪੀ ਆਪਣੇ ਘਰ ਤੋਂ ਗਾਇਬ ਹੋ ਗਏ ਹਨ। ਸਿਵਲ ਹਸਪਤਾਲ ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਮ੍ਰਿਤਕਾ ਦੀ ਲਾਸ਼ ਨੂੰ ਉਸ ਦੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।