ਕੁੰਡੀਆਂ ਤੇ ਪੁਲਿਸ ਚੌਂਕੀ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 11 2018 14:52

ਜਿੱਥੇ ਸਮੇਂ-ਸਮੇਂ ਤੇ ਬਿਜਲੀ ਰੇਗੂਲੇਟਰੀ ਕਮਿਸ਼ਨ ਬਿਜਲੀ ਵਿਭਾਗ ਨੂੰ ਮੁਨਾਫ਼ੇ 'ਚ ਲਿਆਉਣ ਲਈ ਬਿਜਲੀ ਦੇ ਰੇਟਾਂ ਵਿੱਚ ਵਾਧਾ ਕਰਨ ਦੀ ਸਿਫ਼ਾਰਿਸ਼ ਕਰਦਾ ਹੈ। ਇਨ੍ਹਾਂ ਵਧਿਆਂ ਹੋਏ ਰੇਟਾਂ ਦਾ ਆਮ ਖ਼ਪਤਕਾਰਾਂ, ਛੋਟੇ ਸਨਅਤਕਾਰਾਂ ਅਤੇ ਖ਼ਾਸ ਕਰਕੇ ਗਰੀਬੀ ਰੇਖਾ ਤੋਂ ਥੱਲੇ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਨੂੰ ਹੀ ਪ੍ਰਤੀ ਯੂਨਿਟ ਵਾਧੂ ਬਿਲ ਭਰ ਕੇ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ, ਉੱਥੇ ਹੀ ਪੰਜਾਬ ਸਰਕਾਰ ਦੇ ਆਪਣੇ ਹੀ ਕੁਝ ਅਦਾਰੇ ਅਜਿਹੇ ਹਨ, ਜਿਹੜੇ ਕਿ ਸ਼ਰੇਆਮ ਬਿਜਲੀ ਚੋਰੀ ਵੀ ਕਰਦੇ ਹਨ ਤੇ ਸੀਨਾਜੋਰੀ ਵੀ। 

ਦੂਜੇ ਪਾਸੇ ਗੱਲ ਅਗਰ ਬਿਜਲੀ ਵਿਭਾਗ ਦੀ ਕਰੀਏ ਤਾਂ ਵਿਭਾਗੀ ਕਰਮੀਆਂ ਦੁਆਰਾ ਬਿਜਲੀ ਦੀ ਚੋਰੀ ਰੋਕਣ ਦੇ ਨਾਮ 'ਤੇ ਕੇਵਲ ਅਤੇ ਕੇਵਲ ਛੋਟੇ ਕਿਸਾਨਾਂ, ਸਨਅਤਕਾਰਾਂ ਅਤੇ ਆਮ ਖ਼ਪਤਕਾਰਾਂ ਨੂੰ ਜੁਰਮਾਨੇ ਲਗਾ ਕੇ ਉਨ੍ਹਾਂ ਦਾ ਲੱਕ ਤੋੜ ਦਿੰਦੇ ਹਨ, ਜਿਵੇਂ ਕਿ ਪੰਜਾਬ ਦੀ ਸਾਰੀ ਬਿਜਲੀ ਇਹੀ ਲੋਕ ਖਾ ਰਹੇ ਹੋਣ। ਸੂਤਰਾਂ ਅਨੁਸਾਰ ਕੇਵਲ ਛੋਟੀਆਂ ਮੋਟੀਆਂ ਚੋਰੀਆਂ ਫੜ ਕੇ ਹੀ, ਬਿਜਲੀ ਵਿਭਾਗ ਹਰ ਸਾਲ ਕਰੋੜਾਂ ਰੁਪਏ ਇਕੱਠੇ ਕਰ ਲੈਂਦਾ ਹੈ, ਲੇਕਿਨ ਜਿਹੜੇ ਵੱਡੇ ਬਿਜਲੀ ਚੋਰ ਹਨ, ਬਿਜਲੀ ਵਿਭਾਗ ਵਾਲੇ ਉਨ੍ਹਾਂ ਦੇ ਨੇੜਿਉਂ ਲੰਘਣ ਲੱਗੇ ਵੀ ਸੌ-ਸੌ ਵਾਰ ਸੋਚਦੇ ਹਨ, ਉਨ੍ਹਾਂ ਨੂੰ ਹੱਥ ਪਾਉਣਾ ਤਾਂ ਬੜੇ ਦੂਰ ਦੀ ਗੱਲ ਹੈ।

ਅਗਰ ਬਿਜਲੀ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ, 80ਵੇਂ ਦਹਾਕੇ, ਜਿਸ ਨੂੰ ਕਿ ਪੰਜਾਬ ਦਾ ਕਾਲਾ ਦੌਰ ਵੀ ਕਿਹਾ ਜਾਂਦਾ ਹੈ, ਵਿੱਚ ਸੀ.ਆਰ.ਪੀ.ਐਫ. ਦੀ ਇੱਕ ਪੂਰੀ ਬਟਾਲੀਅਨ ਨੇ ਅੰਮ੍ਰਿਤਸਰ ਦੇ ਬਿਜਲੀ ਵਿਭਾਗ ਦੇ ਉਪ-ਦਫ਼ਤਰ ਸਮੂਹ ਦੀ ਇੱਕ ਵੱਡੀ ਇਮਾਰਤ ਤੇ ਜਬਰਨ ਕਬਜ਼ਾ ਕਰਕੇ ਉੱਥੇ ਆਪਣੀ ਚੌਂਕੀ ਸਥਾਪਿਤ ਕਰ ਲਈ ਸੀ। ਕੇਂਦਰੀ ਪੁਲਿਸ ਬਲ ਵੱਲੋਂ ਬਿਜਲੀ ਵਿਭਾਗ ਦੀ ਜਿਸ ਦੋ ਮੰਜ਼ਿਲਾਂ ਇਮਾਰਤ 'ਤੇ ਕਬਜ਼ਾ ਕੀਤਾ ਗਿਆ ਸੀ, ਉਹ ਕਾਲਾ ਦੌਰ ਲੰਘ ਜਾਣ ਦੇ ਬਾਅਦ ਪੰਜਾਬ ਪੁਲਿਸ ਦੇ ਕਬਜ਼ੇ ਹੇਠ ਚਲੀ ਗਈ ਸੀ। ਬਿਜਲੀ ਸੂਤਰਾਂ ਦਾ ਕਹਿਣਾ ਹੈ ਕਿ, ਉਨ੍ਹਾਂ ਦੇ ਵਿਭਾਗ ਦੀ ਇਹ ਇਮਾਰਤ ਹੁਣ ਪੂਰੀ ਤਰ੍ਹਾਂ ਨਾਲ ਪੰਜਾਬ ਪੁਲਿਸ ਦੇ ਕਬਜ਼ੇ ਹੇਠ ਹੈ। 

ਸੂਤਰਾਂ ਅਨੁਸਾਰ ਪਿਛਲੇ ਲਗਭਗ 30 ਸਾਲਾਂ ਤੋਂ ਇਹ ਪੁਲਿਸ ਚੌਂਕੀ ਕੁੰਡੀਆਂ ਤੇ ਚੱਲ ਰਹੀ ਹੈ, ਕਿਉਂਕਿ ਇਸ ਚੌਂਕੀ ਦਾ ਆਪਣਾ ਕੋਈ ਬਿਜਲੀ ਮੀਟਰ ਨਹੀਂ ਹੈ ਅਤੇ ਨਾਂ ਹੀ ਇਸ ਨੂੰ ਕਨੂੰਨ ਮੀਟਰ ਕੁਨੈਕਸ਼ਨ ਦਿੱਤਾ ਹੀ ਜਾ ਸਕਦਾ ਹੈ। ਬਾਵਜੂਦ ਇਸ ਦੇ ਇੱਥੇ ਗਰਮੀਆਂ ਵਿੱਚ ਏਅਰ ਕੰਡੀਸ਼ਨ ਤੇ ਸਰਦੀਆਂ ਵਿੱਚ ਹੀਟਰਾਂ ਦੀ ਖੁੱਲ ਕੇ ਵਰਤੋਂ ਕੀਤੀ ਜਾਂਦੀ ਹੈ ਅਤੇ ਉਹ ਵੀ ਬਿਜਲੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨੱਕ ਦੇ ਥੱਲੇ। 

ਬਿਜਲੀ ਵਿਭਾਗ ਦੇ ਸੂਤਰਾਂ ਦੇ ਅਨੁਸਾਰ ਪੁਲਿਸ ਵਾਲਿਆਂ ਨੇ ਬਿਜਲੀ ਮੀਟਰ ਦੀ ਮੰਜੂਰੀ ਲੈਣ ਦੀ ਥਾਂ ਤੇ ਪੱਕੇ ਤੌਰ ਤੇ ਹੀ ਖੰਬਿਆਂ ਤੋਂ ਸਿੱਧੀਆਂ ਕੁੰਡੀਆਂ ਪਾ ਰੱਖੀਆਂ ਹਨ। ਜਿਹੜਾ ਵੀ ਅਧਿਕਾਰੀ ਪੁਲਿਸ ਵਾਲਿਆਂ ਨੂੰ ਸਵਾਲ ਕਰਦਾ ਹੈ ਉਸ ਨੂੰ ਉਨ੍ਹਾਂ ਵੱਲੋਂ ਫੜਕੇ ਸਲਾਖ਼ਾਂ ਪਿੱਛੇ ਤੁੰਨ ਦੇਣ ਦੀਆਂ ਧਮਕੀਆਂ ਨਾਲ ਨਿਵਾਜਿਆ ਜਾਂਦਾ ਹੈ। 

ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ, ਲਗਭਗ ਇੱਕ ਦਰਜਨ ਕਮਰਿਆਂ ਦੀ ਇਹ ਦੋ ਮੰਜ਼ਲਾਂ ਇਮਾਰਤ ਹੁਣ ਪੂਰੀ ਤਰ੍ਹਾਂ ਨਾਲ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਬਿਜਲੀ ਵਿਭਾਗ ਨੇ ਇੱਕ ਜਾਂ ਦੋ ਵਾਰ ਨਹੀਂ ਇਸ ਸਮੇਂ ਦੇ ਦੌਰਾਨ ਸੈਂਕੜੇ ਹੀ ਵਾਰ ਇਸ ਇਮਾਰਤ ਦਾ ਕਬਜ਼ਾ ਲੈਣ ਲਈ ਪੁਲਿਸ ਚੌਂਕੀ ਦੀਆਂ ਕੁੰਡੀਆਂ ਉਤਾਰ ਚੁੱਕੇ ਹਨ। ਸੂਤਰਾਂ ਅਨੁਸਾਰ ਕਈ ਵਾਰ ਪੁਲਿਸ ਵੱਲੋਂ ਹਾਲਾਤ ਹੀ ਅਜਿਹੇ ਪੈਦਾ ਕਰ ਦਿੱਤੇ ਜਾਂਦੇ ਹਨ ਕਿ, ਜਿਨ੍ਹਾਂ ਹੱਥਾਂ ਨਾਲ ਬਿਜਲੀ ਕਰਮਚਾਰੀਆਂ ਨੇ ਕੁੰਡੀਆਂ ਉਤਾਰੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਹੀ ਹੱਥਾਂ ਨਾਲ ਖੁਦ ਦੁਬਾਰਾ ਕੁੰਡੀਆਂ ਲਗਾ ਕੇ ਦੇਣੀਆਂ ਪੈਂਦੀਆਂ ਹਨ, ਤੀਹ ਸਾਲਾਂ ਤੋਂ ਵੱਧ ਸਮਾਂ ਲੰਘ ਚੁੱਕਾ ਹੈ ਪਰ ਉਕਤ ਪੁਲਿਸ ਚੌਂਕੀ ਕੁੰਡੀਆਂ ਤੇ ਹੀ ਚੱਲ ਰਹੀ ਹੈ।