ਵੂਮੈਨ ਸੈੱਲ ਇੰਚਾਰਜ ਰਿਸ਼ਵਤ ਲੈਂਦੀ ਰੰਗੇ ਹੱਥੀਂ ਚੜ੍ਹੀ ਵਿਜੀਲੈਂਸ ਪੁਲਿਸ ਦੇ ਹੱਥੇ!!

Last Updated: Jul 11 2018 14:55

ਵਿਜੀਲੈਂਸ ਬਿਓਰੋ ਨੇ ਪਟਿਆਲਾ ਪੁਲਿਸ ਵਿੱਚ ਫ਼ੈਲੇ ਭ੍ਰਿਸ਼ਟਾਚਾਰ ਦਾ ਪਰਦਾਫ਼ਾਸ਼ ਕਰਦਿਆਂ ਇੱਥੋਂ ਦੀ ਥਾਣਾ ਵੂਮੈਨ ਸੈੱਲ ਦੀ ਕੌਂਸਲਿੰਗ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਕੌਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਬਲਵਿੰਦਰ ਕੌਰ ਨੇ ਰਿਸ਼ਵਤ ਦੀ ਇਹ ਰਾਸੀ ਪਤੀ-ਪਤਨੀ ਦੇ ਝਗੜੇ ਦਾ ਨਿਪਟਾਰਾ ਕਰਨ ਲਈ ਉਨ੍ਹਾਂ ਪਾਸੋਂ ਲਈ ਸੀ। ਇਸੇ ਮਾਮਲੇ ਵਿੱਚ ਹੀ ਵਿਜੀਲੈਂਸ ਟੀਮ ਨੇ ਬਲਵਿੰਦਰ ਕੌਰ ਦੇ ਨਾਲ-ਨਾਲ ਮਹਿਲਾ ਹੌਲਦਾਰ ਸੁਖ਼ਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵਿਜੀਲੈਂਸ ਪੁਲਿਸ ਨੇ ਦੋਹਾਂ ਨੂੰ ਪਟਿਆਲਾ ਦੀ ਰਹਿਣ ਵਾਲੀ ਪਰਮਵੀਰ ਕੌਰ ਅਤੇ ਉਸਦੇ ਪਤੀ ਸੰਦੀਪ ਸਿੰਘ ਦੀ ਸ਼ਿਕਾਇਤ ਤੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਸੰਦੀਪ ਸਿੰਘ ਅਤੇ ਪਰਮਵੀਰ ਕੌਰ ਦੇ ਦਰਮਿਆਨ ਦਹੇਜ ਦਾ ਝਗੜਾ ਚੱਲ ਰਿਹਾ ਸੀ। ਜਿਸਦੀ ਜਾਂਚ ਬਲਵਿੰਦਰ ਕੌਰ ਦੇ ਕੋਲ ਸੀ। ਬਲਵਿੰਦਰ ਕੌਰ ਨੇ ਦੋਹਾਂ ਵਿੱਚ ਸਮਝੌਤਾ ਕਰਵਾਉਣ ਦੇ ਇਵਜ਼ ਵਿੱਚ ਉਨ੍ਹਾਂ ਪਾਸੋਂ 15 ਹਜ਼ਾਰ ਦੀ ਮੰਗ ਕੀਤੀ ਸੀ।

ਸ਼ਿਕਾਇਤਕਰਤਾ ਅਨੁਸਾਰ ਇਸਦੇ ਨਾਲ ਹੀ ਬਲਵਿੰਦਰ ਕੌਰ ਨੇ ਉਨ੍ਹਾਂ ਨੂੰ ਇਹ ਧਮਕੀ ਵੀ ਦਿੱਤੀ ਸੀ ਕਿ, ਅਗਰ ਉਨ੍ਹਾਂ ਨੇ ਇਹ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਕਰਵਾ ਦਿੱਤਾ ਜਾਵੇਗਾ। 15 ਹਜ਼ਾਰ ਦੀ ਰਾਸ਼ੀ ਵਿੱਚੋਂ 5 ਹਜ਼ਾਰ ਬਲਵਿੰਦਰ ਕੌਰ ਨੇ ਪੇਸ਼ਗੀ ਲੈ ਲਈ ਸੀ ਜਦਕਿ ਬਾਕੀ ਦੇ 10 ਹਜ਼ਾਰ ਰੁਪਏ ਲੈਂਦਿਆਂ ਉਸਨੂੰ ਕੱਲ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ। ਦੋਹਾਂ ਨੂੰ ਅੱਜ ਬਾਅਦ ਦੁਪਹਿਰ ਪਟਿਆਲਾ ਦੀ ਅਦਾਲਤ ਵਿੱਚ ਰਿਮਾਂਡ ਲਈ ਪੇਸ਼ ਕੀਤਾ ਜਾਵੇਗਾ।