ਕਰੰਟ ਲੱਗਣ ਦੇ ਕਾਰਨ ਮਜ਼ਦੂਰ ਦੀ ਹੋਈ ਮੌਤ

Last Updated: Jul 11 2018 13:36

ਨਵੇਂ ਬਣ ਰਹੇ ਮਕਾਨ ਦੀ ਦੀਵਾਰ ਉੱਪਰ ਪਲੱਸਤਰ ਨੂੰ ਪਾਣੀ ਲਗਾਉਂਦੇ ਸਮੇਂ ਬਿਜਲੀ ਦੀ ਤਾਰ ਤੋਂ ਕਰੰਟ ਲੱਗਣ ਦੇ ਚੱਲਦੇ ਇੱਕ ਮਜ਼ਦੂਰ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਹਿਚਾਣ ਰਾਮਦਾਸ (29) ਵਾਸੀ ਮੁਹੱਲਾ ਗੁਰੂ ਨਾਨਕਪੁਰਾ, ਰਾਏਕੋਟ ਦੇ ਤੌਰ 'ਤੇ ਹੋਈ ਹੈ। ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਦ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਬਾਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ।

ਮਿਲੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਰਾਮਦਾਸ ਰਾਜ ਮਿਸਤਰੀ ਦੇ ਨਾਲ ਮਜ਼ਦੂਰੀ ਕਰਨ ਦਾ ਕੰਮ ਕਰਦਾ ਸੀ। ਬੀਤੇ ਦਿਨ ਉਹ ਆਪਣੇ ਘਰ 'ਚ ਨਵੇਂ ਮਕਾਨ ਦੀ ਦੀਵਾਰ 'ਤੇ ਕੀਤੇ ਪਲੱਸਤਰ ਉੱਪਰ ਪਾਣੀ ਲਗਾ ਰਿਹਾ ਸੀ। ਇਸੇ ਦੌਰਾਨ ਉਸ ਦਾ ਹੱਥ ਬਿਜਲੀ ਦੀ ਤਾਰ 'ਤੇ ਲੱਗ ਗਿਆ ਅਤੇ ਜ਼ੋਰਦਾਰ ਕਰੰਟ ਲੱਗਣ ਦੇ ਨਾਲ ਉਸ ਦਾ ਸਿਰ ਦੀਵਾਰ 'ਤੇ ਜਾ ਟਕਰਾਇਆ। ਉਸ ਦੀਆਂ ਚੀਕਾਂ ਸੁਣਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਰਾਮਦਾਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਇਸ ਘਟਨਾ ਸਬੰਧੀ ਸੂਚਨਾ ਮਿਲਣ ਦੇ ਬਾਦ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਮੌਕਾ ਮੁਆਇਆ ਕੀਤਾ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਬਾਦ 'ਚ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਦੇ ਬਾਦ ਧਾਰਾ-174 ਤਹਿਤ ਕਾਰਵਾਈ ਕਰਦੇ ਹੋਏ ਹਸਪਤਾਲ ਚੋਂ ਪੋਸਟਮਾਰਟਮ ਕਰਵਾਏ ਲਾਸ਼ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ।