ਘਰ-ਘਰ ਹਰਿਆਲੀ ਮੁਹਿੰਮ ਤਹਿਤ ਜੰਗਲਾਤ ਵਿਭਾਗ ਨੇ ਲੋਕਾਂ ਨੂੰ ਮੁਫ਼ਤ ਵੰਡੇ 554 ਪੌਦੇ

Last Updated: Jul 11 2018 12:48

ਸੂਬੇ 'ਚ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਏ ਰੱਖਣ ਅਤੇ ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜੰਗਲਾਤ ਵਿਭਾਗ ਵੱਲੋਂ ਹਰਿਆਲੀ ਐਪ ਰਾਹੀਂ ਬੁੱਕ ਕਰਵਾਏ ਜਾਣ ਤੇ ਲੋਕਾਂ ਨੂੰ ਮੁਫ਼ਤ ਬੂਟੇ ਵੰਡੇ ਗਏ। ਇਸ ਮੌਕੇ ਵਣ ਰੇਂਜ ਅਫ਼ਸਰ ਸਰਹਿੰਦ ਪਵਨ ਕੁਮਾਰ ਪੁਰੀ ਦੀ ਅਗਵਾਈ 'ਚ ਵਿਭਾਗ ਵੱਲੋਂ ਜ਼ਿਲ੍ਹਾ ਸੋਸ਼ਲ ਵੈਲਫੇਅਰ ਕਲੱਬ ਨੂੰ 100 ਬੂਟੇ, ਪੰਜਾਬ ਰਾਜ ਗੋਦਾਮ ਨਿਗਮ ਫ਼ਤਿਹਗੜ੍ਹ ਸਾਹਿਬ ਨੂੰ 100 ਬੂਟੇ ਅਤੇ ਐਚ.ਡੀ.ਐਫ.ਸੀ ਬੈਂਕ ਫ਼ਤਿਹਗੜ੍ਹ ਸਾਹਿਬ ਨੂੰ 50 ਬੂਟੇ ਵੰਡੇ ਗਏ। ਇਸ ਤੋਂ ਇਲਾਵਾ ਲੋਕਾਂ ਨੂੰ ਹਰਿਆਲੀ ਆਪ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਣ ਰੇਂਜ ਅਫ਼ਸਰ ਪਵਨ ਕੁਮਾਰ ਪੁਰੀ ਨੇ ਦੱਸਿਆ ਕਿ ਪ੍ਰਦੇਸ਼ ਦੇ ਲੋਕਾਂ ਨੂੰ ਮੁਫ਼ਤ ਪੌਦੇ ਮੁਹੱਈਆ ਕਰਵਾਉਣ ਸਬੰਧੀ ਜੰਗਲਾਤ ਵਿਭਾਗ ਵੱਲੋਂ ਚਲਾਈ ਜਾ ਰਹੀ ਆਈ ਹਰਿਆਲੀ ਐਪ  ਤਹਿਤ 22 ਆਰਡਰ ਪੂਰੇ ਕੀਤੇ ਗਏ ਅਤੇ ਹਰਿਆਲੀ ਐਪ ਅਧੀਨ 304 ਬੂਟੇ ਵੰਡੇ ਗਏ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੂਟਿਆਂ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਇਨ੍ਹਾਂ ਨੂੰ ਬਚਾਇਆ ਜਾ ਸਕੇ ਅਤੇ ਸਰਕਾਰ ਦੀ ਸਕੀਮ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਵਣ ਰੇਂਜ ਅਫ਼ਸਰ ਪੁਰੀ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸ਼ਨ ਤੰਦਰੁਸਤ ਪੰਜਾਬ ਅਤੇ ਘਰ-ਘਰ ਹਰਿਆਲੀ ਮੁਹਿੰਮ ਸਬੰਧੀ ਦੱਸਿਆ ਕਿ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਅਤੇ ਹਰੇਕ ਨਾਗਰਿਕ ਨੂੰ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਵਿਭਾਗ ਦੀ ਐਪ ਆਈ ਹਰਿਆਲੀ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਕੋਈ ਵੀ ਨਾਗਰਿਕ ਆਪਣੇ ਘਰ ਬੈਠੇ ਹੀ ਇਸ ਐਪ ਰਾਹੀਂ ਬੂਟੇ ਜੰਗਲਾਤ ਵਿਭਾਗ ਕੋਲ ਪੌਦੇ ਬੁੱਕ ਕਰਵਾ ਸਕਦਾ ਹੈ ਅਤੇ ਬੁਕਿੰਗ ਕਰਵਾਏ ਜਾਣ ਦੇ ਬਾਅਦ  ਨਜ਼ਦੀਕੀ ਸਰਕਾਰੀ ਨਰਸਰੀ ਚੋਂ ਮੁਫ਼ਤ ਪੌਦੇ ਹਾਸਲ ਕੀਤੇ ਜਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਧਰਤੀ ਤੇ ਦਰੱਖਤਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ ਦੇ ਚੱਲਦੇ ਮੌਸਮ ਦਾ ਸੰਤੁਲਨ ਵਿਗੜ ਗਿਆ ਹੈ। ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਉਦੇਸ਼ ਲਈ ਜ਼ਮੀਨ ਤੇ ਵੱਧ ਤੋਂ ਵੱਧ ਦਰੱਖਤ ਲਗਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਜ਼ਿਆਦਾ ਤੋ ਜ਼ਿਆਦਾ ਦਰਖ਼ਤ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਤੇ ਸਵੱਛ ਰੱਖਿਆ ਜਾ ਸਕੇ। ਇਸ ਮੌਕੇ ਬਲਾਕ ਅਫ਼ਸਰ ਪ੍ਰਭਜੋਤ ਕੌਰ ਮਾਂਗਟ, ਵਣ ਗਾਰਡ ਗੁਰਮੁੱਖ ਸਿੰਘ ਅਤੇ ਵਣ ਗਾਰਡ ਜਸਪ੍ਰੀਤ ਸਿੰਘ ਹਾਜ਼ਰ ਸਨ।