ਨਸ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਹੋਇਆ ਪੱਬਾਂ ਭਾਰ

Last Updated: Jul 11 2018 12:40

ਪੰਜਾਬ ਸਰਕਾਰ ਦੇ ਪ੍ਰੋਗਰਾਮ ਡੇਪੋ ਅਧੀਨ “ਮਿਸ਼ਨ ਤੰਦਰੁਸਤ ਪੰਜਾਬ” ਨੂੰ ਸਮਰਪਿਤ ਸਿਵਲ ਏਅਰ ਪੋਰਟ ਪਠਾਨਕੋਟ ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਲ ਹਸਪਤਾਲ  ਦੇ ਸਹਿਯੋਗ ਨਾਲ ਲੋਕਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੀਲਿਮਾ ਸਣੇ ਹੋਰਨਾਂ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸਿਵਲ ਹਸਪਤਾਲ ਵਿਖੇ ਚਲਾਏ ਜਾ ਰਹੇ ਓ.ਓ.ਏ.ਟੀ. ਸੈਂਟਰ ਵੱਲੋਂ ਨਸ਼ੇ ਦੇ ਖ਼ਿਲਾਫ਼ ਜਾਗਰੂਕ ਕਰਨ ਲਈ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਤੇ ਡਾ. ਸੋਨੀਆ ਮਿਸਰਾ ਵੱਲੋਂ ਬਾਹਰ ਤੋਂ ਪਠਾਨਕੋਟ ਆਉਣ ਵਾਲੇ ਯਾਤਰੀਆਂ ਨੂੰ ਪ੍ਰਦਰਸ਼ਨੀ ਦਿਖਾਉਂਦਿਆਂ ਹੋਇਆ ਨਸ਼ੇ ਦੇ ਬੂਰੇ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੀਲਿਮਾ ਨੇ ਕਿਹਾ ਕਿ ਨਸ਼ਾ ਜੋ ਕਿ ਇੱਕ  ਬਿਮਾਰੀ ਦੀ ਤਰਾ ਅੱਜ ਦੀ ਪੀੜੀ ਨੂੰ ਖਾ ਰਿਹਾ ਹੈ ਅਤੇ ਪੰਜਾਬ ਦੇ ਡੇਪੋ ਪ੍ਰੋਗਰਾਮ ਅਧੀਨ ਪੰਜਾਬ ਵਿੱਚੋਂ ਨਸ਼ੇ ਨੂੰ ਜੜ ਤੋਂ ਖ਼ਤਮ ਕਰਨ ਦੇ ਲਈ ਵਿਭਾਗ ਵੱਲੋਂ ਡੇਪੋ ਮੁਹਿੰਮ ਜ਼ਿਲ੍ਹਾ ਪਠਾਨਕੋਟ ਅੰਦਰ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰੋਂ ਨਸ਼ਾ ਪੂਰੀ ਤਰਾ ਖ਼ਤਮ ਕਰਨ ਦੇ ਲਈ ਜ਼ਿਲਿਆਂ ਅੰਦਰ ਬਣਾਏ ਗਏ ਡੇਪੋ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਦਾ ਸਹਿਯੋਗ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ  ਕਿਹਾ ਕਿ ਬੱਚਾ ਸਭ ਤੋਂ ਜ਼ਿਆਦਾ ਸਮਾਂ ਆਪਣੇ ਮਾਤਾ ਪਿਤਾ ਨਾਲ ਜਾਂ ਆਪਣੇ ਘਰ ਅੰਦਰ ਗੁਜ਼ਾਰਦਾ ਹੈ ਅਤੇ ਇਹ ਮਾਤਾ ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਅਗਰ ਉਨ੍ਹਾਂ  ਦਾ ਬੱਚਾ ਕਿਸੇ ਗ਼ਲਤ ਸੰਗਤ ਵਿੱਚ ਫਸ ਕੇ ਨਸ਼ੇ ਦੀ ਰਾਹ ਤੇ ਚੱਲ ਰਿਹਾ ਹੈ ਤਾਂ ਉਹ ਉਸ ਨੂੰ ਜਾਗਰੂਕ ਕਰਨ ਅਤੇ ਜ਼ਿਲ੍ਹੇ ਅੰਦਰ ਚਲਾਏ ਜਾ ਰਹੇ ਓ.ਓ.ਏ.ਟੀ. ਸੈਂਟਰ ਨਾਲ ਸੰਪਰਕ ਕਰ ਕੇ ਅਤੇ ਇਲਾਜ ਕਰਵਾ ਕੇ ਨਸ਼ੇ ਜਿਹੀ ਬਿਮਾਰੀ ਤੋਂ ਬੱਚੇ ਨੂੰ ਅਜ਼ਾਦ ਕੀਤਾ ਜਾਵੇ। 

ਇਸ ਮੌਕੇ ਤੇ ਡਾ. ਅਮਿਤ ਮਹਾਜਨ ਨੇ ਦੱਸਿਆ ਕਿ ਜ਼ਿਲ੍ਹਾ  ਪਠਾਨਕੋਟ ਵਿੱਚ ਬਣਾਏ ਗਏ ਡੇਪੋ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਅੰਦਰ ਸੈਮੀਨਾਰ ਲਗਾ ਕੇ ਨੌਜਵਾਨਾਂ ਅਤੇ ਹੋਰ ਲੋਕਾਂ ਨੂੰ ਨਸ਼ੇ ਜਿਹੀ ਬਿਮਾਰੀ ਤੋਂ ਦੂਰ ਰਹਿਣ ਦੇ ਲਈ ਜਾਗਰੂਕ ਕਰ ਰਹੇ ਹਨ। ਉਨ੍ਹਾਂ  ਕਿਹਾ ਕਿ ਆਓ ਅਸੀਂ ਵੀ ਜ਼ਿਲ੍ਹੇ ਅੰਦਰ ਡੇਪੋ ਦੇ ਤੋਰ ਤੇ ਆਪਣੀ ਰਜਿਸਟ੍ਰੇਸ਼ਨ ਕਰ ਕੇ ਇਸ ਮੁਹਿੰਮ ਅੰਦਰ ਭਾਗੀ ਬਣੀਏ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਪੰਜਾਬ ਸਰਕਾਰ ਦੇ ਸਪਨੇ ਨੂੰ ਸਾਕਾਰ ਕਰੀਏ।