ਪੁਲਿਸ ਵਾਲਿਆਂ ਦੇ ਚੁੱਲ੍ਹਿਆਂ ਨੂੰ ਢਾਹੁਣ 'ਚ ਰੁੱਝੀ ਹੈ ਪੰਜਾਬ ਸਰਕਾਰ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 11 2018 12:48

ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਪੁਲਿਸ ਵਾਲਿਆਂ 'ਤੇ ਗਾਜ਼ ਡਿੱਗਣੀ ਲਗਾਤਾਰ ਜਾਰੀ ਹੈ। ਨਸ਼ਾ ਤਸਕਰੀ ਵਿੱਚ ਲੱਗੇ ਲੋਕਾਂ ਅਤੇ ਉਨ੍ਹਾਂ ਦੀ ਪਿੱਠ ਪਿੱਛੇ ਖੜੇ ਵੱਡੇ-ਵੱਡੇ ਸਫ਼ੇਦ ਮਗਰ-ਮੱਛਾਂ ਨੂੰ ਸਰਕਾਰ ਹੱਥ ਪਾਉਂਦੀ ਹੈ ਜਾਂ ਨਹੀਂ, ਉਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਉਸ ਨੇ ਸਾਰਾ ਗ਼ੁੱਸਾ ਪੰਜਾਬ ਪੁਲਿਸ ਵਾਲਿਆਂ 'ਤੇ ਜ਼ਰੂਰ ਕੱਢਣਾ ਸ਼ੁਰੂ ਕਰ ਦਿੱਤਾ ਹੈ। 

ਆਏ ਦਿਨ ਪੰਜਾਬ ਸਰਕਾਰ ਕਿਸੇ ਨਾ ਕਿਸੇ ਪੁਲਿਸ ਵਾਲੇ ਦੇ ਚੁੱਲ੍ਹੇ ਨੂੰ ਠੁੱਡਾ ਮਾਰ੍ਹਕੇ ਢਾਹ ਸੁੱਟਦੀ ਹੈ। ਹਰ ਵਾਰ ਸਰਕਾਰ ਦਾ ਇੱਕੋ ਤਰਕ ਹੁੰਦਾ ਹੈ ਕਿ, ਇਹ ਲੋਕ ਡਿਊਟੀ ਸਹੀ ਨਹੀਂ ਕਰ ਰਹੇ, ਇਹ ਲੋਕ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ। ਪਰ ਇਸ ਸਵਾਲ ਦਾ ਜਵਾਬ ਅੱਜ ਤੱਕ ਨਹੀਂ ਲੱਭਾ ਕਿ, ਇਹ ਪੁਲਿਸ ਵਾਲੇ ਰਲੇ ਕਿਸ ਤਸਕਰ ਨਾਲ ਹੋਏ ਸਨ? ਅੱਜ ਤੱਕ ਅਜਿਹਾ ਕੋਈ ਵੀ ਤਸਕਰ ਕਾਬੂ ਨਹੀਂ ਆਇਆ ਜਿਹੜਾ ਸਰਕਾਰ ਦੇ ਇਸ ਦਾਅਵੇ ਨੂੰ ਸੱਚ ਸਾਬਤ ਕਰ ਸਕੇ। ਗੱਲ ਕੀ, ਪੰਜਾਬ ਸਰਕਾਰ ਪੁਲਿਸ ਵਾਲਿਆਂ ਦੇ ਹੱਥ ਇਸ ਤਰਾਂ ਨਾਲ ਧੋ ਕੇ ਪੈ ਗਈ ਹੈ, ਜਿਵੇਂ ਪੰਜਾਬ ਵਿੱਚ ਨਸ਼ੇ ਦਾ ਸਾਰਾ ਕਾਰੋਬਾਰ ਪੁਲਿਸ ਵਾਲੇ ਹੀ ਚਲਾ ਰਹੇ ਹੋਣ। 

ਪੰਜਾਬ ਸਰਕਾਰ ਨੇ ਸੰਗਰੂਰ ਦੇ ਛੇ ਪੁਲਿਸ ਵਾਲੇ ਮੁਅੱਤਲ ਕਰਨ ਦੇ ਬਾਅਦ ਤਾਜ਼ਾ ਹੁਕਮ ਜਾਰੀ ਕਰਕੇ ਹੁਣ ਅੰਮ੍ਰਿਤਸਰ ਦਿਹਾਤੀ ਨਾਲ ਸੰਬੰਧਿਤ ਚਾਰ ਹੋਰ ਪੁਲਿਸ ਵਾਲਿਆਂ ਦੇ ਘਰਾਂ ਦੇ ਚੁੱਲ੍ਹੇ ਢਾਹ ਦਿੱਤੇ ਹਨ। ਸਰਕਾਰ ਨੇ ਜਿਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ, ਉਨ੍ਹਾਂ ਦੀ ਪਹਿਚਾਣ ਪਰਸ਼ੋਤਮ ਲਾਲ ਚੌਕੀ ਇੰਚਾਰਜ ਨਵਾਂ ਪਿੰਡ, ਲਖਬੀਰ ਸਿੰਘ ਚੌਕੀ ਇੰਚਾਰਜ ਜੰਡਿਆਲਾ ਸਿਟੀ, ਸੁਖਦੇਵ ਸਿੰਘ ਚੌਕੀ ਇੰਚਾਰਜ ਰਾਜਾਤਾਲ ਤੇ ਚੌਕੀ ਇੰਚਾਰਜ ਬੱਲ ਕਲਾਂ ਦੇ ਤੌਰ 'ਤੇ ਹੋਈ ਹੈ। ਇਨ੍ਹਾਂ ਚਾਰਾਂ ਪੁਲਿਸ ਵਾਲਿਆਂ ਤੇ ਡਿਊਟੀ ਵਿੱਚ ਲਾਪਰਵਾਹੀ ਵਰਤਣ ਅਤੇ ਨਸ਼ਾ ਤਸਕਰਾਂ ਨਾਲ ਸੰਬੰਧ ਹੋਣ ਦੇ ਇਲਜ਼ਾਮ ਲੱਗੇ ਹਨ।

ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ. ਐਸ. ਪੀ ਪਰਮਪਾਲ ਸਿੰਘ ਦੀ ਮੰਨੀਏ ਤਾਂ ਉਕਤ ਪੁਲਿਸ ਵਾਲਿਆਂ ਤੋਂ ਇਲਾਵਾ ਤਿੰਨ ਹੋਰ ਥਾਣਿਆਂ ਦੇ ਐਸ. ਐਚ. ਓਜ਼. ਨੂੰ ਵੀ ਕਾਰਵਾਈ ਵਿੱਚ ਢਿੱਲ ਵਰਤਣ ਦੇ ਇਲਜ਼ਾਮ ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। 

ਪੰਜਾਬ ਸਰਕਾਰ ਦਾ ਦਾਅਵਾ ਹੈ ਕਿ, ਇਹ ਮੁਅੱਤਲ ਕੀਤੇ ਗਏ ਪੁਲਿਸ ਵਾਲਿਆਂ ਦੇ ਖ਼ਿਲਾਫ਼ ਸ਼ਿਕਾਇਤਾਂ ਪੁੱਜੀਆਂ ਸਨ ਕਿ, ਇਹ ਅਧਿਕਾਰੀ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਸਨ, ਜਿਸ ਦੇ ਚੱਲਦਿਆਂ ਇਹ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਵਿੱਚ ਢਿੱਲ ਮੱਠ ਵਰਤ ਰਹੇ ਹਨ। ਜ਼ਿਕਰਯੋਗ ਹੈ ਕਿ, ਇਸ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਐਸ. ਐਸ. ਪੀ ਪਰਮਪਾਲ ਸਿੰਘ ਜੰਡਿਆਲਾ ਗੁਰੂ ਦੇ ਐਸ. ਐਚ. ਓ ਸਮੇਤ ਤਿੰਨ ਹੋਰ ਚੌਕੀ ਇੰਚਾਰਜਾਂ ਤੇ ਅਜਿਹੇ ਹੀ ਚਾਰਜ ਲਗਾ ਕੇ ਉਨ੍ਹਾ ਨੂੰ ਪਹਿਲਾਂ ਹੀ ਮੁਅੱਤਲ ਕਰ ਚੁੱਕੇ ਹਨ।

ਇਸ ਸਭ ਦੇ ਦਰਮਿਆਨ ਇਹ ਸਵਾਲ ਵਾਰ ਵਾਰ ਉੱਠਦੇ ਹਨ ਕਿ, ਕੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਜੰਗ ਕਿਸੇ ਮੁਕਾਮ ਤੱਕ ਵੀ ਪਹੁੰਚੇਗੀ ਜਾਂ ਨਹੀਂ? ਕੀ ਇਸ ਮੁਹਿੰਮ ਰਾਹੀਂ ਸਰਕਾਰ ਵੱਡੇ-ਵੱਡੇ ਅਤੇ ਸਫ਼ੇਦ ਮਗਰਮੱਛਾਂ ਨੂੰ ਨੱਥ ਪਾ ਸਕੇਗੀ? ਕੀ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਨੂੰ ਹੱਥ ਪਾ ਸਕੇਗੀ, ਜਿਨ੍ਹਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਤੁੰਨ ਦੇਣ ਦੀਆਂ ਹੁਣ ਤੱਕ ਉਨ੍ਹਾਂ ਦੇ ਮੰਤਰੀ ਫੜਾਂ ਮਾਰਦੇ ਆਏ ਹਨ? ਜਾਂ ਫਿਰ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਇਹ ਮੁਹਿੰਮ ਪੁਲਿਸ ਵਾਲਿਆਂ ਦੇ ਘਰਾਂ ਦੇ ਚੁੱਲ੍ਹੇ ਢਾਹੁਣ ਤੱਕ ਹੀ ਸੀਮਿਤ ਹੋਕੇ ਰਹਿ ਜਾਵੇਗੀ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।