ਅਕਾਲੀਆਂ ਨੂੰ ਸੁਰੱਖਿਆ ਦੇ ਮਾਮਲੇ ਤੇ ''ਆਪ'' ਨੇ ਸਾਧਿਆ ਕਾਂਗਰਸ 'ਤੇ ਨਿਸ਼ਾਨਾ !

Last Updated: Jul 11 2018 12:30

ਕਾਂਗਰਸ ਸਰਕਾਰ ਵੱਲੋਂ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਸੁਰੱਖਿਆ ਦੇ ਨਾਮ 'ਤੇ ਕਰੋੜਾਂ ਰੁਪਏ ਦੀਆਂ ਕੀਮਤੀ ਲਗਜ਼ਰੀ ਗੱਡੀਆਂ ਮੁਹੱਈਆ ਕਰਵਾਉਣ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖ਼ਿਲਾਫ਼ ਸ਼ਬਦੀ ਜੰਗ ਸ਼ੁਰੂ ਕਰ ਦਿੱਤੀ ਹੈ। 

ਆਮ ਅਦਾਮੀ ਪਾਰਟੀ ਦੇ ਪਟਿਆਲਾ ਨਾਲ ਸੰਬੰਧਿਤ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ, ਅਜਿਹਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਅਕਾਲੀਆਂ ਨਾਲ ਪੂਰੀ ਭਾਈਵਾਲਤਾ ਹੈ, ਜਦਕਿ ਉਹ ਪਿਛਲੇ ਲੰਬੇ ਸਮੇਂ ਤੋਂ ਅਕਾਲੀਆਂ ਨੂੰ ਆਪਣਾ ਕੱਟੜ ਦੁਸ਼ਮਣ ਦੱਸ ਕੇ ਸੂਬੇ ਦੀ ਅਵਾਮ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ। ਡਾ. ਬਲਬੀਰ ਨੇ ਕਿਹਾ ਕਿ ਅਕਾਲੀਆਂ ਨੂੰ ਲਗ ਜਰੀ ਗੱਡੀਆਂ ਦੇ ਕੇ ਕੈਪਟਨ ਨੇ ਪੰਜਾਬ ਸਰਕਾਰ ਦੇ ਖ਼ਜ਼ਾਨੇ 'ਤੇ ਡਾਕਾ ਮਾਰਿਆ ਹੈ। 

ਡਾ. ਬਲਬੀਰ ਨੇ ਕਿਹਾ ਕਿ, ਸੂਬੇ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਦੀ ਮਾਰ ਹੇਠ ਆ ਕੇ ਆਤਮ ਹੱਤਿਆਵਾਂ ਕਰ ਰਹੇ ਹਨ ਪਰ ਕੈਪਟਨ ਪੀੜਤ ਪਰਿਵਾਰਾਂ ਦੀ ਮਦਦ ਕਰਨ ਦੀ ਥਾਂ ਤੇ ਬਾਦਲਾਂ ਨਾਲ ਆਪਣੀ ਦੋਸਤੀ ਨਿਭਾ ਰਹੇ ਹਨ। ਲੋਕਾਂ ਦੇ ਖ਼ੂਨ ਪਸੀਨੇ ਨਾਲ ਕਮਾਏ ਟੈਕਸ ਦੇ ਪੈਸੇ ਦੀ ਬਰਬਾਦੀ ਕਰਕੇ ਆਪਣੇ ਅਖ਼ੌਤੀ ਵਿਰੋਧੀਆਂ ਨੂੰ ਗੱਡੀਆਂ ਦੇ ਨਜ਼ਰਾਨੇ ਭੇਂਟ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ, ਆਮ ਲੋਕਾਂ ਦੀ ਜੇਬ ਕੱਟ ਕੇ ਹਰ ਸਾਲ ਸੁਰੱਖਿਆ ਦੇ ਨਾਮ ਉੱਤੇ 12 ਕਰੋੜ ਰੁਪਏ ਖ਼ਰਚਣਾ ਸੂਬੇ ਦੇ ਲੋਕਾਂ ਨਾਲ ਭੱਦਾ ਮਜ਼ਾਕ ਹੈ। ਡਾਕਟਰ ਨੇ ਕਿਹਾ ਕਿ, ਇੱਕ ਪਾਸੇ ਤਾਂ ਸਰਕਾਰ ਨੇ ਲੋਕਾਂ ਦੁਆਰਾ ਚੁਣੇ ਹੋਏ ਆਮ ਆਦਮੀ ਪਾਰਟੀ, ਭਾਜਪਾ ਤੇ ਇੱਥੋਂ ਤੱਕ ਕਿ ਕੁਝ ਕਾਂਗਰਸੀ ਵਿਧਾਇਕਾਂ ਨੂੰ ਵੀ ਮਿਆਦ ਲੰਘ ਚੁੱਕੀਆਂ ਗੱਡੀਆਂ ਦਿੱਤੀਆਂ ਹੋਈਆਂ ਹਨ ਤੇ ਦੂਜੇ ਪਾਸੇ ਪਹਿਲਾਂ ਤੋਂ ਹੀ ਲਗਜ਼ਰੀ ਗੱਡੀਆਂ ਵਿੱਚ ਘੁੰਮ ਰਹੇ ਬਾਦਲ ਪਰਿਵਾਰ ਉੱਤੇ ਮਿਹਰਬਾਨ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਮੰਤਰੀ ਜੇਲ੍ਹਾਂ ਵਿੱਚ ਤੁੰਨਣ ਦੀਆਂ ਫੜਾਂ ਮਾਰਿਆ ਕਰਦੇ ਸਨ, ਕੈਪਟਨ ਅੱਜ ਉਨ੍ਹਾਂ ਲੋਕਾਂ ਨੂੰ ਹੀ ਸੁਰੱਖਿਆ ਲਈ ਲਗਜ਼ਰੀ ਗੱਡੀਆਂ ਦੇ ਰਹੇ ਹਨ।