ਕਾਇਮ ਰਹੇਗਾ ਹਰਮਨਪ੍ਰੀਤ ਨੂੰ ਮਿਲਿਆ ਡੀ.ਐੱਸ.ਪੀ. ਦਾ ਆਹੁਦਾ!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 11 2018 12:19

ਪੰਜਾਬ ਸਰਕਾਰ, ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਇੰਨੀ ਵੀ ਨਾਰਾਜ਼ ਨਹੀਂ ਹੈ ਕਿ, ਉਹ ਉਸਨੂੰ ਦਿੱਤਾ ਹੋਇਆ ਡੀ.ਐੱਸ.ਪੀ. ਦਾ ਆਹੁਦਾ ਉਸ ਪਾਸੋਂ ਖ਼ੋਹ ਲਵੇ। ਹਰਮਪ੍ਰੀਤ ਕੌਰ ਦੇ ਸਰਟੀਫ਼ਿਕੇਟਾਂ ਨੂੰ ਲੈ ਕੇ ਉੱਠੇ ਸਵਾਲਾਂ ਦੇ ਬਾਅਦ ਅਫ਼ਵਾਹਾਂ ਦਾ ਇਹ ਬਜ਼ਾਰ ਗਰਮ ਹੋ ਗਿਆ ਸੀ ਕਿ, ਪੰਜਾਬ ਸਰਕਾਰ ਨੇ ਉਕਤ ਮਹਿਲਾ ਕ੍ਰਿਕਟਰ ਕੋਲੋਂ ਡੀ.ਐੱਸ.ਪੀ. ਦਾ ਆਹੁਦਾ ਖ਼ੋਹ ਲਿਆ ਹੈ।

ਲੰਘੀ ਦੇਰ ਰਾਤ ਖ਼ੇਡ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਜਾਰੀ ਇੱਕ ਬਿਆਨ ਦੇ ਜ਼ਰੀਏ ਪਹਿਲਾਂ ਉੱਡ ਰਹੀਆਂ ਅਫ਼ਵਾਹਾਂ ਨੂੰ ਹਮੇਸ਼ਾ ਦੇ ਲਈ ਖ਼ਤਮ ਕਰ ਦਿੱਤਾ ਸੀ। ਉਹਨਾਂ ਸਾਫ਼ ਤੌਰ ਤੇ ਅਖ਼ ਦਿੱਤਾ ਹੈ ਕਿ, ਹਰਮਨਪ੍ਰੀਤ ਅਜੇ ਵੀ ਡੀ.ਐਸ.ਪੀ ਹੀ ਹੈ, ਨਾ ਹੀ ਉਸਦਾ ਆਹੁਦਾ ਖ਼ੋਹਿਆ ਜਾ ਰਿਹਾ ਹੈ ਅਤੇ ਨਾ ਹੀ ਘਟਾਇਆ ਜਾ ਰਿਹਾ ਹੈ।

ਕਾਬਿਲ-ਏ-ਗੌਰ ਹੈ ਕਿ ਇਸ ਤੋਂ ਪਹਿਲਾਂ ਅਫ਼ਵਾਹਾਂ ਦਾ ਇਹ ਬਾਜ਼ਾਰ ਗਰਮ ਹੋ ਗਿਆ ਸੀ ਕਿ ਹਰਮਨਪ੍ਰੀਤ ਕੌਰ ਨੂੰ ਦਿੱਤਾ ਡੀ.ਐੱਸ.ਪੀ. ਦਾ ਆਹੁਦਾ ਖ਼ੋਹ ਕੇ ਪੰਜਾਬ ਸਰਕਾਰ ਉਸਨੂੰ ਕਾਂਸਟੇਬਲ ਬਣਾ ਦੇਵੇਗੀ। ਖ਼ੇਡ ਮੰਤਰੀ ਦਾ ਕਹਿਣਾ ਹੈ ਕਿ, ਫ਼ਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਜਦੋਂ ਤੱਕ ਪੁਲਿਸ ਦੀ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਹਰਮਨਪ੍ਰੀਤ ਕੌਰ ਡੀ.ਐੱਸ.ਪੀ. ਦੇ ਆਹੁਦੇ ਤੇ ਹੀ ਤਾਇਨਾਤ ਰਹੇਗੀ।

ਰਾਣਾ ਅਨੁਸਾਰ ਜਾਂਚ ਮੁਕੰਮਲ ਹੋ ਜਾਣ ਦੇ ਬਾਅਦ ਹੀ ਇਸ ਗੱਲ ਦਾ ਪਤਾ ਲੱਗੇਗਾ ਕਿ ਗਲਤ ਕੌਣ ਹੈ, ਹਰਮਨਪ੍ਰੀਤ ਜਾਂ ਉਸਦੀ ਯੂਨੀਵਰਸਿਟੀ। ਉਹਨਾਂ ਅਨੁਸਾਰ ਹਰਮਨ ਨਾਲ ਇਸ ਮੁੱਦੇ ਤੇ ਅਜੇ ਤੱਕ ਕੋਈ ਵੀ ਗੱਲਬਾਤ ਨਹੀਂ ਹੋ ਸਕੀ ਹੈ, ਇਸ ਲਈ ਕਿਸੇ ਵੀ ਕਿਸਮ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਉਸ ਦਾ ਵੀ ਪੱਖ ਸੁਣਿਆ ਜਾਏਗਾ।

ਕਾਬਿਲ-ਏ-ਗੌਰ ਹੈ ਕਿ ਪਿਛਲੇ ਦਿਨੀਂ ਹੀ ਉਕਤ ਕ੍ਰਿਕਟਰ ਦੀ ਡਿਗਰੀ 'ਤੇ ਉੱਠੇ ਵਿਵਾਦ ਦੇ ਦਰਮਿਆਨ ਹੀ ਉਸਦੀ ਡਿਗਰੀ ਜਾਅਲੀ ਹੋਣ ਦੀਆਂ ਗੱਲਾਂ ਖੁੱਲ ਕੇ ਸਾਹਮਣੇ ਆ ਗਈਆਂ। ਦਾਅਵਾ ਇਹ ਕੀਤਾ ਜਾਣ ਲੱਗ ਪਿਆ ਕਿ ਹਰਮਨਪ੍ਰੀਤ ਕੌਰ ਦੀ ਡਿਗਰੀ ਜਾਅਲੀ ਹੈ। ਜਾਣਕਾਰਾਂ ਦੀ ਮੰਨੀਏ ਤਾਂ ਹਰਮਨਪ੍ਰੀਤ ਨੇ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਗ੍ਰੈਜੂਏਸ਼ਨ ਕੀਤੀ ਸੀ।

ਇਸ ਸਭ ਦੇ ਦੌਰਾਨ ਅਫ਼ਵਾਹਾਂ ਦਾ ਬਜ਼ਾਰ ਗਰਮ ਹੋ ਗਿਆ ਕਿ, ਅਗਰ ਪੰਜਾਬ ਸਰਕਾਰ ਹਰਮਨਪ੍ਰੀਤ ਕੌਰ ਦੇ ਖ਼ਿਲਾਫ਼ ਧੋਖ਼ਾਧੜੀ ਦਾ ਮੁਕੱਦਮਾ ਦਰਜ ਕਰਦੀ ਹੈ ਤਾਂ ਉਸ ਤੋਂ ਅਰਜੁਨ ਐਵਾਰਡ ਵੀ ਖੁੱਸ ਸਕਦਾ ਹੈ, ਪਰ ਲੰਘੀ ਦੇਰ ਸ਼ਾਮ ਹੀ ਪੰਜਾਬ ਸਰਕਾਰ ਨੇ ਇਹ ਵੀ ਸਾਫ਼ ਕਰ ਦਿੱਤਾ ਸੀ ਕਿ, ਅਗਰ ਹਰਮਨਪ੍ਰੀਤ ਕੌਰ ਦੀ ਡਿਗਰੀ ਜਾਅਲੀ ਪਾਈ ਵੀ ਜਾਂਦੀ ਹੈ ਤਾਂ ਵੀ ਉਸਦੇ ਖ਼ਿਲਾਫ਼ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਕੱਲ੍ਹ ਕੀ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ, ਇੱਕ ਗੱਲ ਤਾਂ ਖੇਡ ਮੰਤਰੀ ਰਾਣਾ ਗੁਰਜੀਤ ਨੇ ਸਾਫ਼ ਕਰ ਦਿੱਤੀ ਹੈ ਕਿ, ਹਾਲ ਦੀ ਘੜੀ ਹਰਮਨਪ੍ਰੀਤ ਕੌਰ ਨੂੰ ਮਿਲਿਆ ਡੀ.ਐੱਸ.ਪੀ. ਦਾ ਆਹੁਦਾ ਬਰਕਰਾਰ ਹੀ ਰਹੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।