14 ਸਾਲਾਂ ਦਾ ਆਕਾਸ਼ਦੀਪ ਭੇਦ ਭਰੇ ਹਾਲਾਤਾਂ 'ਚ ਹੋਇਆ ਗ਼ਾਇਬ

Last Updated: Jul 11 2018 08:18

ਜ਼ਿਲ੍ਹੇ ਵਿੱਚ ਜਿਸ ਹਿਸਾਬ ਨਾਲ ਘਟਨਾਵਾਂ ਵਾਪਰ ਰਹੀਆਂ ਹਨ ਉਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਹੁਣ ਕੁੜੀਆਂ ਅਤੇ ਬੱਚੇ ਵੀ ਗਹਿਣਿਆਂ ਦੀ ਤਰ੍ਹਾਂ ਹੋ ਗਏ ਹਨ, ਜਿਨ੍ਹਾਂ ਨੂੰ ਸਨੈਚਰ ਮਿੰਟਾਂ ਵਿੱਚ ਗ਼ਾਇਬ ਕਰ ਜਾਂਦੇ ਹਨ। ਸ਼ਹਿਰ 'ਚ ਆਉਂਦੇ ਪਿੰਡ ਬਕਰਾਹਾ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ, ਜਿਸ ਅਨੁਸਾਰ ਇੱਕ 14 ਸਾਲਾਂ ਦਾ ਬੱਚਾ ਭੇਦ-ਭਰੇ ਹਾਲਾਤਾਂ ਵਿੱਚ ਗਾਇਬ ਹੋ ਗਿਆ ਹੈ ਅਤੇ ਪੁਲਿਸ ਵੀ ਉਸਦਾ ਸੁਰਾਗ ਲਾਉਣ ਵਿੱਚ ਹਾਲੇ ਤੱਕ ਕਾਮਯਾਬ ਨਹੀਂ ਹੋ ਸਕੀ। ਬੱਚੇ ਦੇ ਮਾਤਾ-ਪਿਤਾ ਅਨੁਸਾਰ ਉਨ੍ਹਾਂ ਦਾ ਮੁੰਡਾ ਪਿੱਛਲੇ 24 ਘੰਟੇ ਤੋਂ ਗ਼ਾਇਬ ਹੈ ਅਤੇ ਪੁਲਿਸ ਆਪਣੀ ਕਾਰਵਾਈ ਵਿੱਚ ਕੋਈ ਤੇਜੀ ਨਹੀਂ ਲੈ ਕੇ ਆ ਰਹੀ ਹੈ।

ਥਾਣਾ ਘੱਗਾ ਪੁਲਿਸ ਪਟਿਆਲਾ ਨੂੰ ਹਕੀਮ ਸਿੰਘ ਪਿਤਾ ਆਕਾਸ਼ਦੀਪ ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਬੀਤੇ ਦਿਨ ਉਹ ਜਦੋਂ ਕੰਮ ਤੇ ਜਾ ਰਿਹਾ ਸੀ ਤਾਂ ਉਸਦਾ ਮੁੰਡਾ ਉਸ ਨੂੰ ਕਹਿ ਕੇ ਗਿਆ ਕਿ ਉਹ ਆਪਣੀ ਮਾਤਾ ਕੋਲ ਜਾ ਰਿਹਾ ਹੈ, ਜੋ ਕਿ ਖੇਤਾਂ ਵਿੱਚ ਕੰਮ ਕਰਨ ਲਈ ਗਈ ਹੋਈ ਸੀ। ਜਦੋਂ ਸ਼ਿਕਾਇਤਕਰਤਾ ਸ਼ਾਮੀ ਘਰੇ ਪਹੁੰਚਿਆ ਅਤੇ ਆਪਣੇ ਮੁੰਡੇ ਬਾਰੇ ਪੁੱਛਿਆ ਤਾਂ ਉਸ ਦੀ ਪਤਨੀ ਨੇ ਦੱਸਿਆ ਕਿ ਮੁੰਡਾ ਤਾਂ ਉਸ ਕੋਲ ਆਇਆ ਹੀ ਨਹੀਂ ਹੈ। ਪੂਰੀ ਰਾਤ ਮੁੰਡੇ ਦੀ ਛਾਣਬੀਣ ਕਰਨ ਤੋਂ ਬਾਅਦ ਪਿਤਾ ਹਕੀਮ ਸਿੰਘ ਨੂੰ ਯਕੀਨ ਹੋ ਗਿਆ ਕਿ ਉਸ ਦੇ ਮੁੰਡੇ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ ਤਾਂ ਹੀ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ। ਘੱਗਾ ਪੁਲਿਸ ਨੇ ਧਾਰਾ 365 ਤਹਿਤ ਮਾਮਲਾ ਦਰਜ਼ ਕਰ ਕੇ ਮੁੰਡੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।