ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਸਿਖਾਏ ਅੰਗਰੇਜ਼ੀ ਤੇ ਸਮਾਜ ਸਿੱਖਿਆ ਦੇ ਗੁਰ

Last Updated: Jul 10 2018 19:15

ਸਿੱਖਿਆ ਵਿਭਾਗ ਵੱਲੋਂ ਜਿੱਥੇ ਸਕੂਲਾਂ ਵਿੱਚ ਮੁੱਢਲੇ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉੱਥੇ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਹਰਪ੍ਰੀਤ ਕੌਰ, ਸਟੇਟ ਕੁਆਰਡੀਨੇਟਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਨੀਤਾ ਕਿਰਨ ਦੀ ਰਹਿਨੁਮਾਈ ਹੇਠ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਪੜਾਉਂਦੇ ਅਧਿਆਪਕਾਂ ਦਾ ਸੈਮੀਨਾਰ ਲਗਾਇਆ ਗਿਆ। ਸਰਕਾਰੀ ਇਨ ਸਰਵਿਸ ਟਰੇਨਿੰਗ ਸੈਂਟਰ ਵਿੱਚ ਡੀ ਐਮ ਜਸਵਿੰਦਰ ਕੌਰ ਦੀ ਅਗਵਾਈ ਹੇਠ ਲਗਾਏ ਗਏ ਇਸ ਸੈਮੀਨਾਰ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ 100 ਅਧਿਆਪਕਾਂ ਨੂੰ ਸਿੱਖਿਅਤ ਕੀਤਾ ਗਿਆ।

ਹਰਪ੍ਰੀਤ ਕੌਰ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਬੁਲਾਰਿਆਂ ਨੇ ਦੋਵਾਂ ਵਿਸ਼ਿਆਂ ਨੂੰ ਰੋਚਕ ਬਣਾਉਣ ਤੇ ਵਿਦਿਆਰਥੀਆਂ ਦੇ ਅਨੁਸਾਰ ਢਲ ਕੇ ਪੜਾਉਣ ਦੀਆਂ ਨਵੀਆਂ ਤਕਨੀਕਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਲਰਨਿੰਗ ਆਊਟਕੰਮ, ਨੈਸ਼ਨਲ ਅਚੀਵਮੈਂਟ ਸਰਵੈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਹੁੰਦੇ ਕਿਤਾਬਚਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਸੈਮੀਨਾਰ ਵਿੱਚ ਰਿਸੋਰਸ ਪਰਸਨ ਦੀ ਜ਼ਿੰਮੇਵਾਰੀ ਨਵਦੀਪ ਸਿੰਘ ਰੰਧਾਵਾ, ਰਣਦੀਪ ਕੌਰ, ਹਰਪ੍ਰੀਤ ਕੌਰ, ਸੰਦੀਪ ਕੌਰ, ਬਲਜੀਤ ਕੌਰ ਤੇ ਬੀਰਇੰਦਰ ਸਿੰਘ ਨੇ ਨਿਭਾਈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸੁਨੀਤਾ ਕਿਰਨ ਨੇ ਇਸ ਸੈਮੀਨਾਰ ਦਾ ਵਿਸ਼ੇਸ਼ ਤੌਰ 'ਤੇ ਨਿਰੀਖਣ ਕੀਤਾ ਅਤੇ ਅਧਿਆਪਕਾਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਦਾ ਇੱਕ ਪੜਾਅ ਖਿਲਚੀਆਂ ਸਕੂਲ ਵਿੱਚ ਵੀ ਚਲਾਇਆ ਜਾ ਰਿਹਾ ਹੈ।