ਕੀ ਚਿੱਟੇ ਦੇ ਕਾਰਨ ਫੜਿਆ ਗਿਆ ਬਾਬਾ?

Last Updated: Jul 10 2018 18:47

ਅੱਜ ਪੰਜਾਬ ਦੇ ਮਸ਼ਹੂਰ ਗੈਂਗਸਟਰ ਦਿਲਪ੍ਰੀਤ ਬਾਬੇ ਨੂੰ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਇੱਕ ਸਾਂਝੇ ਓਪਰੇਸ਼ਨ ਦੌਰਾਨ ਫੜਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਬਾਬਾ ਇੱਕ ਸਵਿਫ਼ਟ ਡਿਜ਼ਾਇਰ ਕਾਰ ਵਿੱਚ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਸਟੈਂਡ ਦੇ ਪਿੱਛੇ ਖੜ੍ਹਾ ਸੀ ਜਿੱਥੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਦੋਹਾਂ ਧਿਰਾਂ ਵਿੱਚ ਹੋਈ ਫਾਇਰਿੰਗ ਤੋਂ ਬਾਅਦ ਬਾਬੇ ਨੂੰ ਫੜ ਲਿਆ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਾਬਾ ਇਸ ਵਾਰ ਬਿਲਕੁਲ ਕਲੀਨ ਸ਼ੇਵ ਅੰਦਾਜ਼ ਵਿੱਚ ਸੀ।

ਸੂਤਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਬਾਬਾ ਹੋਰਨਾਂ ਗੈਂਗਸਟਰਾਂ ਦੀ ਸੰਗਤ ਵਿੱਚ ਰਹਿ ਕੇ ਚਿੱਟੇ ਦਾ ਸ਼ੁਕੀਨ ਅਤੇ ਮੁਰੀਦ ਹੋ ਗਿਆ ਸੀ ਅਤੇ ਇਸੇ ਕਾਰਨ ਉਹ ਚਿੱਟਾ ਖ਼ਰੀਦਣ ਹੀ ਬੱਸ ਸਟੈਂਡ ਤੇ ਆਇਆ ਹੋਇਆ ਸੀ। ਇੱਥੇ ਉਨ੍ਹਾਂ ਲੋਕਾਂ ਦਾ ਬਾਬੇ ਤੋਂ ਵਿਸ਼ਵਾਸ ਖ਼ਤਮ ਹੋ ਗਿਆ ਜੋ ਉਸਦੇ ਅੰਮ੍ਰਿਤਧਾਰੀ ਭੇਸ ਕਾਰਨ ਉਸਨੂੰ ਠੀਕ ਸਮਝਦੇ ਸਨ ਅਤੇ ਉਸਦੇ ਕੁਕਰਮਾਂ ਦੀ ਪੈਰਵੀ ਕਰਦੇ ਸਨ। ਬਾਬੇ ਦੇ ਸਮਰਥਕਾਂ ਲਈ ਉਸਦਾ ਪੁਲਿਸ ਤੋਂ ਬਚਣ ਲਈ ਕੇਸ ਕਤਲ ਕਰਨ ਅਤੇ ਮਾਮੂਲੀ, ਦੋ ਕੌੜੀ ਦੇ ਗੁੰਡਿਆਂ ਵਾਕਣ ਲੁਕਦੇ ਫਿਰਨਾ ਵੀ ਉਸਦੀ ਹਸਤੀ ਨੂੰ ਖ਼ਤਮ ਕਰ ਗਿਆ।