ਪਰਨੀਤ ਕੌਰ ਵੱਲੋਂ ਇੱਕ ਦਿਨ 'ਚ 1 ਲੱਖ ਪੌਦੇ ਲਾਉਣ ਦਾ ਅਭਿਆਨ ਅੱਜ ਸਵੇਰ ਤੋਂ ਸ਼ੁਰੂ

Last Updated: Jul 10 2018 18:42

ਸੱਚਮੁੱਚ 'ਚ ਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਨੂੰ ਹਰਿਆ ਭਰਿਆ ਬਣਾਉਣ ਦਾ ਕੰਮ ਪੂਰੀ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਸ਼ੁਰੂ ਕੀਤੇ ਘਰ-ਘਰ ਹਰਿਆਲੀ ਪ੍ਰਾਜੈਕਟ ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ 'ਸਪਤਰਿਸ਼ੀ ਪ੍ਰਾਜੈਕਟ' ਤਹਿਤ ਇੱਕ ਦਿਨ 'ਚ ਇੱਕ ਲੱਖ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਪਟਿਆਲਾ ਬਲਾਕ ਦੇ ਸਰਹਿੰਦ ਰੋਡ 'ਤੇ ਸਥਿਤ ਪਿੰਡ ਅਮਾਮਪੁਰ ਤੋਂ 'ਸੁਖਚੈਨ' ਦਾ ਬੂਟਾ ਲਗਾ ਕੇ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਸੱਦਾ ਵੀ ਦਿੱਤਾ ਕਿ ਰਾਜ ਨੂੰ ਤੰਦਰੁਸਤ ਅਤੇ ਹਰਿਆ ਭਰਿਆ ਬਣਾਉਣ ਲਈ ਹਰ ਵਿਅਕਤੀ ਬੂਟੇ ਲਾ ਕੇ ਇਨ੍ਹਾਂ ਦੀ ਸੰਭਾਲ ਕਰੇ ਅਤੇ ਖਾਸ ਕਰਕੇ ਨੌਜਵਾਨ ਪੀੜ੍ਹੀ ਵੀ ਬੂਟੇ ਲਾਉਣ ਲਈ ਅੱਗੇ ਆਵੇ। ਇਸ ਸਪਤਰਿਸ਼ੀ ਪ੍ਰਾਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਵਾਂ ਰਿਕਾਰਡ ਕਾਇਮ ਕਰਦਿਆਂ ਅੱਜ ਇੱਕ ਦਿਨ 'ਚ ਕਰੀਬ 14 ਕਿਸਮਾਂ ਦੇ 1 ਲੱਖ ਬੂਟੇ ਲਗਾਏ, ਜਦੋਂਕਿ ਬਾਕੀ ਦੇ ਇੱਕ ਲੱਖ ਬੂਟੇ ਇੱਕ ਸਾਲ ਦੇ ਅੰਦਰ-ਅੰਦਰ ਲਾਏ ਜਾਣਗੇ।

ਇਸ ਮੌਕੇ ਪਰਨੀਤ ਕੌਰ ਨੇ ਇੱਕ ਵੈਬਸਾਇਟ 'ਸਪਤਾਰਿਸ਼ੀ ਪਟਿਆਲਾ ਡਾਟ ਕਾਮ' ਵੀ ਲਾਂਚ ਕੀਤੀ, ਜਿਸ ਦੇ ਜਰੀਏ ਇਨ੍ਹਾਂ ਬੂਟਿਆਂ ਦੀ ਨਿਗਰਾਨੀ ਆਨ ਲਾਇਨ ਕੀਤੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਇਨ੍ਹਾਂ ਬੂਟਿਆਂ ਦੀ ਪ੍ਰਗਤੀ ਇਸ ਵੈਬਸਾਇਟ ਤੋਂ ਦੇਖ ਸਕੇਗਾ, ਕਿਉਂਕਿ ਗ੍ਰਾਮ ਰੋਜ਼ਗਾਰ ਸਹਾਇਕ ਹਰ 15 ਦਿਨਾਂ ਬਾਅਦ ਇਨ੍ਹਾਂ ਬੂਟਿਆਂ ਦੀ ਤਸਵੀਰ ਖਿਚ ਕੇ ਇਸ 'ਤੇ ਅਪਲੋਡ ਕਰੇਗਾ ਤੇ ਕਮਜ਼ੋਰ ਜਾਂ ਮੁਰਝਾਏ ਬੂਟੇ ਤੁਰੰਤ ਬਦਲੇ ਜਾਣਗੇ। ਇਸ ਮੌਕੇ ਪਰਨੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਤੰਦਰੁਸਤ ਅਤੇ ਹਰਿਆ-ਭਰਿਆ ਬਣਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਸ਼ੁਰੂ ਕੀਤਾ ਹੈ, ਜਿਸ ਨੂੰ ਪੂਰਾ ਕਰਨ ਲਈ ਦਰਜਨ ਦੇ ਕਰੀਬ ਵਿਭਾਗਾਂ ਨੇ ਆਪਣੇ ਯਤਨ ਜੰਗੀ ਪੱਧਰ 'ਤੇ ਅਰੰਭੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਯਤਨਾਂ ਦੇ ਨਾਲ-ਨਾਲ ਹਰ ਨਾਗਰਿਕ ਨੂੰ ਵੀ ਜ਼ਿੰਮੇਵਾਰ ਬਣਨਾ ਪਵੇਗਾ ਤਾਂ ਹੀ ਪੰਜਾਬ ਨੂੰ ਮੁੜ ਤੋਂ ਇੱਕ ਨੰਬਰ ਦਾ ਸੂਬਾ ਬਣਾਇਆ ਜਾ ਸਕੇਗਾ।