ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਕੀਤਾ ਪਿੰਡਾਂ ਦਾ ਦੌਰਾ

Last Updated: Jul 10 2018 18:24

ਪੰਜਾਬ ਸਰਕਾਰ ਦੇ "ਮਿਸ਼ਨ ਤੰਦਰੁਸਤ ਪੰਜਾਬ" ਅਧੀਨ ਡਿਪਟੀ ਕਮਿਸ਼ਨਰ ਨੀਲਿਮਾ ਦੇ ਹੁਕਮਾਂ ਅਨੁਸਾਰ ਅਤੇ ਜੰਗਲਾਤ ਅਧਿਕਾਰੀ ਸੰਜੀਵ ਤ੍ਰਿਵਾੜੀ ਦੀ ਦੇਖ-ਰੇਖ ਅੰਦਰ ਜ਼ਿਲ੍ਹਾ ਪਠਾਨਕੋਟ ਵਿੱਚ ਵੱਖ-ਵੱਖ ਥਾਵਾਂ ਤੇ 'ਘਰ-ਘਰ ਹਰਿਆਲੀ' ਅਧੀਨ ਬੂਟੇ ਵੰਡੇ ਗਏ। ਜਿਸ ਅਧੀਨ ਵਣ ਵਿਭਾਗ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਭਟੋਆ 'ਤੇ ਹੈਬਤ ਪਿੰਡੀ ਵਿਖੇ ਮੁਕੇਸ ਕੁਮਾਰ ਵਣ ਗਾਰਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਵਿਖੇ ਸਮਸੇਰ ਸਿੰਘ ਵਣ ਗਾਰਡ ਅਤੇ ਪਿੰਡ ਭੋਆ ਵਿਖੇ ਸਵਰੂਪ ਕੌਰ ਵਣ ਗਾਰਡ ਦੀ ਪ੍ਰਧਾਨਗੀ ਹੇਠ ਜਾਗਰੂਕਤਾ ਕੈਪ ਲਗਾਏ ਗਏ। ਇਸ ਮੌਕੇ 'ਤੇ ਹਾਜ਼ਰ ਲੋਕਾਂ ਅਤੇ ਵਿਦਿਆਰਥੀਆਂ ਨੂੰ 'ਘਰ-ਘਰ ਹਰਿਆਲੀ' ਅਧੀਨ ਮੁਫ਼ਤ ਬੂਟੇ ਵੀ ਵੰਡੇ ਗਏ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਵਣ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਕਿ ਵਾਤਾਵਰਣ ਨੂੰ ਸੁੱਧ ਤੇ ਸਾਫ਼ ਰੱਖਣਾ ਸਾਡੀ ਹੀ ਜ਼ਿਮੀਦਾਰੀ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਧਰਤੀ ਤੇ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਈਏ। ਉਨ੍ਹਾਂ ਕਿਹਾ ਕਿ ਹਰੇਕ ਘਰ ਦੇ ਵਿੱਚ ਘੱਟ ਤੋਂ ਘੱਟ ਇੱਕ ਪੌਦਾ ਜ਼ਰੂਰ ਲੱਗਿਆ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ "ਮਿਸ਼ਨ ਤੰਦਰੁਸਤ ਪੰਜਾਬ" ਨੂੰ ਸਮਰਪਿਤ 'ਘਰ-ਘਰ ਹਰਿਆਲੀ' ਪ੍ਰੋਗਰਾਮ ਦੇ ਅਧੀਨ ਹਰੇਕ ਵਿਅਕਤੀ ਵਣ ਵਿਭਾਗ ਦੇ ਦਫ਼ਤਰ ਤੋਂ ਫ੍ਰੀ ਪੌਦੇ ਪ੍ਰਾਪਤ ਕਰ ਸਕਦਾ ਹੈ। 

ਅਧਿਕਾਰੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਦੇ ਵਿਦਿਆਰਥੀਆਂ ਨੂੰ ਵੀ ਜਾਗਰੂਕ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਹਰੇਕ ਵਿਦਿਆਰਥੀ ਨੂੰ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਪੌਦਿਆਂ ਦੀ ਦੇਖ ਰੇਖ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪੌਦੇ ਨੂੰ ਦਰੱਖਤ ਬਣਦਿਆਂ ਕਰੀਬ 7 ਤੋਂ 8 ਸਾਲ ਦਾ ਸਮਾ ਲੱਗ ਜਾਂਦਾ ਹੈ ਇਸ ਲਈ ਸਾਨੂੰ ਦਰੱਖਤਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ ਅਤੇ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਣੇ ਚਾਹੀਦੇ ਹਨ। ਇਸ ਮੌਕੇ 'ਤੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ 'ਘਰ-ਘਰ ਹਰਿਆਲੀ' ਮੁਹਿੰਮ ਦੇ ਬਾਰੇ ਆਪਣੇ ਰਿਸ਼ਤੇਦਾਰਾਂ ਆਪਣੇ ਮੁਹੱਲਾ ਨਿਵਾਸੀਆਂ ਅਤੇ ਪਿੰਡ ਨਿਵਾਸੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰੋਂ ਤਾਂ ਜੋ ਧਰਤੀ ਨੂੰ ਹਰਿਆ ਭਰਿਆ ਕਰ ਕੇ ਪੰਜਾਬ ਨੂੰ, ਦੇਸ਼ ਨੂੰ ਇਸ ਕੁਦਰਤ ਨੂੰ ਹੋਰ ਵੀ ਜ਼ਿਆਦਾ ਤੰਦਰੁਸਤ ਬਣਾਇਆ ਜਾ ਸਕੇ।