ਸਿਹਤ ਵਿਭਾਗ ਦਾ ਦਾਅਵਾ, ਖਾਣ-ਪੀਣ ਦੀਆਂ ਵਸਤਾਂ ਵਿੱਚ ਕੈਮੀਕਲ ਪਦਾਰਥਾਂ ਦੀ ਵਰਤੋਂ ਹੋਈ ਬੰਦ

Last Updated: Jul 10 2018 18:25

ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਮਿਸ਼ਨ ਤੰਦਰੁਸਤ ਪੰਜਾਬ ਜ਼ਿਲ੍ਹੇ ਦੇ ਆਮ ਲੋਕਾਂ ਲਈ ਕਾਫ਼ੀ ਲਾਹੇਵੰਦ ਸਾਬਿਤ ਹੋ ਰਿਹਾ ਹੈ। ਇਸ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਾਣ-ਪੀਣ ਵਾਲੇ ਫਲਾਂ ਤੇ ਵਸਤਾਂ ਦੀ ਲਗਾਤਾਰ ਨਜ਼ਰਸਾਨੀ ਰੱਖੀ ਜਾ ਰਹੀ ਹੈ। ਇਸ ਦੌਰਾਨ ਕੀਤੀ ਗਈ ਚੈਕਿੰਗ ਵਿੱਚ ਕੈਮੀਕਲ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਫਲਾਂ ਦੇ ਬਹੁਤ ਘੱਟ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਜ਼ਿਲ੍ਹਾ ਸਿਹਤ ਅਫ਼ਸਰ ਰਾਜੇਸ਼ ਖੂੰਗਰ ਨੇ ਦਿੱਤੀ। ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਪਿਛਲੇ ਹਫ਼ਤੇ ਦੌਰਾਨ ਫ਼ਾਜ਼ਿਲਕਾ ਅਤੇ ਅਬੋਹਰ ਦੀਆਂ ਮੰਡੀਆਂ ਵਿੱਚ ਲਗਾਤਾਰ ਚੈਕਿੰਗ ਕੀਤੀ ਗਈ।

ਇਸ ਦੌਰਾਨ ਖ਼ਾਸ ਕਰਕੇ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਅਤੇ ਕੈਮੀਕਲ ਦੀ ਮਾਤਰਾ ਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ। ਚੈਕਿੰਗ ਮੌਕੇ ਵੱਖ-ਵੱਖ ਖਾਣ-ਪੀਣ ਦੀਆਂ ਵਸਤਾਂ ਦੇ 9 ਸੈਂਪਲ ਭਰੇ ਗਏ ਜਿਨ੍ਹਾਂ ਨੂੰ ਟੈਸਟ ਕਰਾਉਣ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਨੂੰ ਪਕਾਉਣ ਲਈ ਹੁਣ ਹਾਨੀਕਾਰਕ ਕੈਮੀਕਲ ਦੀ ਵਰਤੋਂ ਲਗਭਗ ਬੰਦ ਹੋ ਚੁੱਕੀ ਹੈ। ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਅਬੋਹਰ ਮੰਡੀ ਵਿੱਚ ਚੈਕਿੰਗ ਦੌਰਾਨ 6 ਕਰੈਟ ਕੇਲਾ ਅਤੇ 6 ਕਰੈਟ ਅੰਬ ਮਾੜੀ ਹਾਲਤ ਵਿੱਚ ਪਾਏ ਗਏ ਜਿਨ੍ਹਾਂ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇੱਕ ਕੈਂਟਰ ਦੀ ਚੈਕਿੰਗ ਦੌਰਾਨ ਸਰ੍ਹੋਂ ਦੇ ਤੇਲ ਦਾ ਸੈਂਪਲ ਵੀ ਲਿਆ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਫਰੂਟ ਸੇਲਰਜ਼ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਉਹ ਕਿਸੇ ਵੀ ਪ੍ਰਕਾਰ ਦੇ ਕੈਮੀਕਲ ਦੀ ਵਰਤੋਂ ਨਹੀਂ ਕਰਨਗੇ ਅਤੇ ਜੇਕਰ ਕੋਈ ਹੋਰ ਵਰਤੋਂ ਕਰਦਾ ਪਾਇਆ ਗਿਆ ਤਾਂ ਤੁਰੰਤ ਸਿਹਤ ਵਿਭਾਗ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇਗਾ।