ਦਿਲਪ੍ਰੀਤ ਬਾਬਾ, ਕੁਝ ਸਮੇਂ ਪਹਿਲਾਂ ਸੁਰਖ਼ੀਆਂ ਵਿੱਚ ਆਉਣ ਵਾਲਾ ਇਹ ਅੰਮ੍ਰਿਤਧਾਰੀ ਸਿੱਖ, ਓਦੋਂ ਇੱਕ ਸਰਪੰਚ ਦੇ ਕਥਿਤ ਕਤਲ ਦੇ ਕੇਸ ਕਾਰਨ ਸੁਰਖੀਆਂ ਵਿੱਚ ਆਇਆ ਸੀ। ਬਾਬੇ ਨੇ ਕਥਿਤ ਤੌਰ ਤੇ ਸਰਪੰਚ ਦੀਆਂ ਲੱਤਾਂ ਵਿੱਚ ਗੋਲੀਆਂ ਮਾਰੀਆਂ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਫੇਰ ਬਾਬੇ ਨੇ ਜਦੋਂ ਪੰਜਾਬੀ ਗਾਇਕ ਪਰਮਿਸ਼ ਵਰਮੇ ਤੋਂ ਫਿਰੌਤੀ ਮੰਗੀ ਅਤੇ ਉਸਨੂੰ ਮਾਰਨ ਦੀ ਧਮਕੀ ਦਿੱਤੀ ਤਾਂ ਉਸਨੇ ਪਰਮਿਸ਼ ਦੇ ਵੀ ਲੱਤ ਵਿੱਚ ਹੀ ਗੋਲੀ ਮਾਰੀ ਸੀ। ਲੋਕਾਂ ਵਿੱਚ ਇੱਕ ਇਹ ਅਫ਼ਵਾਹ ਉੱਡ ਗਈ ਸੀ ਕਿ ਬਾਬੇ ਨੂੰ ਲੱਤ ਵਿੱਚ ਗੋਲੀਆਂ ਮਾਰਨ ਦਾ ਬਹੁਤ ਸ਼ੌਂਕ ਹੈ, ਜਿਸਦੇ ਚਲਦੇ ਬਾਬੇ ਨੂੰ ਬਾਬਾ ਲੱਤਾਂ ਵਾਲਾ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗਾ ਸੀ।
ਹੁਣ ਜਦੋਂ ਬਾਬੇ ਨੂੰ ਪੁਲਿਸ ਨੇ ਫੜ ਲਿਆ ਹੈ ਤਾਂ ਦੱਸਿਆ ਇਹ ਜਾ ਰਿਹਾ ਹੈ ਕਿ ਪੁਲਿਸ ਨੇ ਬਾਬੇ ਦੀ ਲੱਤ ਵਿੱਚ ਗੋਲੀ ਉਸਦੇ ਪਹਿਲਾਂ ਕੀਤੇ ਹੋਏ ਕਥਿਤ ਪਾਪਾਂ ਦਾ ਬਦਲਾ ਲੈਂਦਿਆਂ ਮਾਰੀ ਹੈ। ਦੱਸ ਦਿੱਤਾ ਜਾਵੇ ਕਿ ਦਿਲਪ੍ਰੀਤ ਬਾਬੇ ਨਾਮੀ ਇਸ ਨਵੇਕਲੜੇ ਗੈਂਗਸਟਰ ਨੂੰ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਅੱਜ ਇੱਕ ਸਾਂਝੇ ਓਪਰੇਸ਼ਨ ਦੌਰਾਨ ਚੰਡੀਗੜ੍ਹ ਦੇ ਸੈਕਟਰ 43 ਬੱਸ ਸਟੈਂਡ ਦੇ ਪਿਛਲੇ ਪਾਸੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਤੇ ਬਾਬੇ ਵਿੱਚ ਗੋਲੀਆਂ ਦੇ ਕੁਝ ਰੋਂਦਾ ਦਾ ਅਦਾਨ-ਪ੍ਰਦਾਨ ਵੀ ਹੋਇਆ ਸੀ ਜਿਸ ਵਿੱਚ ਬਾਬੇ ਦੀ ਲੱਤ ਵਿੱਚ ਪੁਲਿਸ ਨੇ ਗੋਲੀ ਮਾਰੀ ਸੀ ਅਤੇ ਉਸਨੂੰ ਜ਼ਖਮੀ ਕਰ ਗ੍ਰਿਫ਼ਤਾਰ ਕਰ ਲਿਆ ਸੀ। ਫ਼ਿਲਹਾਲ ਬਾਬੇ ਨੂੰ ਪੀ.ਜੀ.ਆਈ. ਹਸਪਤਾਲ ਵਿੱਚ ਰੱਖਿਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।