ਸਰਕਾਰੀ ਹਸਪਤਾਲ 'ਚ ਨਸ਼ਾ ਛੱਡਣ ਆਏ ਨੌਜਵਾਨ, ਲੈਂਦੇ ਨੇ ਖੰਡਰ ਕੁਆਰਟਰਾਂ 'ਚ ਨਜ਼ਾਰੇ..!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 10 2018 16:34

ਪੰਜਾਬ 'ਚ ਵੱਧ ਰਹੇ ਨਸ਼ਿਆਂ ਦੇ ਕਹਿਰ ਨੂੰ ਲੈ ਕੇ ਸੂਬਾ ਸਰਕਾਰ ਕਾਫ਼ੀ ਜ਼ਿਆਦਾ ਸਖ਼ਤ ਹੋਈ ਹੈ ਅਤੇ ਪਿਛਲੇ ਕਰੀਬ 15 ਦਿਨਾਂ ਦੇ ਅੰਦਰ ਅੰਦਰ ਹੀ ਕਈ ਅਹਿਮ ਫ਼ੈਸਲੇ ਸਰਕਾਰ ਦੇ ਵੱਲੋਂ ਲਏ ਗਏ ਹਨ। ਜਿਨ੍ਹਾਂ ਦੇ ਵਿੱਚ ਮੁਲਾਜ਼ਮਾਂ ਦੇ ਡੋਪ ਟੈੱਸਟਾਂ ਤੋਂ ਇਲਾਵਾ ਸਮਗਲਰਾਂ ਨੂੰ ਮੌਤ ਦੀ ਸਜਾ ਦੇਣ ਦੇ ਫ਼ੈਸਲੇ ਵੀ ਸ਼ਾਮਲ ਹਨ। ਪਰ..!! ਦੂਜੇ ਪਾਸੇ ਵੇਖਿਆ ਜਾਵੇ ਤਾਂ ਸੂਬਾ ਸਰਕਾਰ ਕਰੀਬ ਸਵਾ ਸਾਲ ਮਗਰੋਂ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਵਾਸਤੇ ਜਾਗੀ ਹੈ। ਸਰਕਾਰ ਦੁਆਰਾ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਲਈ ਇੱਕ ਵੱਖਰਾ ਮੁੱਦਾ ਬਣ ਗਿਆ ਹੈ। ਕਿਉਂਕਿ ਪੰਜਾਬ ਦਾ ਦਰਜਨਾਂ ਨੌਜਵਾਨਾਂ ਇਨ੍ਹਾਂ ਦਿਨਾਂ ਦੇ ਅੰਦਰ ਨਸ਼ੇ ਦੇ ਕਾਰਨ ਮਰ ਚੁੱਕੇ ਹਨ। 

ਦੋਸਤੋ, ਤੁਹਾਨੂੰ ਦੱਸ ਦੇਈਏ ਕਿ ਇੱਕ ਪਾਸੇ ਤਾਂ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਮੁਹਿੰਮਾਂ ਚਲਾ ਰਹੀ ਹੈ, ਦੂਜੇ ਪਾਸੇ ਸਰਕਾਰੀ ਹਸਪਤਾਲ ਫ਼ਿਰੋਜ਼ਪੁਰ ਵਿਖੇ ਖੰਡਰ ਪਏ ਕੁਆਰਟਰ ਨਸ਼ੇੜੀਆਂ ਦੇ ਲਈ ਕਾਫ਼ੀ ਜ਼ਿਆਦਾ ਵਰਦਾਨ ਸਾਬਤ ਹੋ ਰਹੇ ਹਨ। ਪਿਛਲੀ ਸਰਕਾਰ ਦੇ ਵੱਲੋਂ ਸਰਕਾਰੀ ਹਸਪਤਾਲਾਂ ਦੇ ਅੰਦਰ ਨਸ਼ਾ ਵਿੱਚ ਗ੍ਰਸਤ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਨਸ਼ਾ ਛੁਡਾਓ ਕੇਂਦਰ ਸਥਾਪਤ ਕੀਤੇ ਗਏ ਸਨ, ਪਰ ਇਨ੍ਹਾਂ ਨਸ਼ਾ ਛੁਡਾਓ ਕੇਂਦਰਾਂ ਦਾ ਨਸ਼ੇੜੀਆਂ ਉੱਪਰ ਬਹੁਤ ਹੀ ਘੱਟ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਜਿਹੜੇ ਨੌਜਵਾਨ ਨਸ਼ਾ ਛੱਡਣ ਵਾਸਤੇ ਨਸ਼ਾ ਛੁਡਾਓ ਕੇਂਦਰਾਂ ਵਿੱਚੋਂ ਦਵਾਈ ਲੈਣ ਵਾਸਤੇ ਆਉਂਦੇ ਹਨ, ਉਹ ਮੁੜ ਤੋਂ ਹੀ ਨਸ਼ੇ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ।
 
ਜੇਕਰ ਆਪਾ ਗੱਲ ਫ਼ਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਦੀ ਕਰੀਏ ਤਾਂ ਇੱਥੇ ਬਣੇ ਨਸ਼ਾ ਛੁਡਾਓ ਕੇਂਦਰ ਕੋਲ ਕਾਫ਼ੀ ਸਾਲਾਂ ਤੋਂ ਡਾਕਟਰਾਂ ਲਈ ਬਣੇ ਹੋਏ ਕੁਆਰਟਰ ਬੰਦ ਪਏ ਹਨ ਅਤੇ ਹੁਣ ਖੰਡਰ ਬਣ ਚੁੱਕੇ ਹਨ। ਇਹ ਖੰਡਰ ਕੁਆਰਟਰ ਵੱਲ ਨਾ ਤਾਂ ਹੁਣ ਤੱਕ ਸਿਹਤ ਵਿਭਾਗ ਨੇ ਕੋਈ ਧਿਆਨ ਦਿੱਤਾ ਹੈ ਅਤੇ ਨਾ ਹੀ ਕਿਸੇ ਸਰਕਾਰ ਦੇ ਨੁਮਾਇੰਦੇ ਨੇ। ਕਿਉਂਕਿ ਖ਼ਾਲੀ ਪਏ ਖੰਡ ਕੁਆਰਟਰਾਂ ਦੇ ਦਰਵਾਜ਼ੇ ਅਤੇ ਬੂਹੇ ਬਾਰੀਆਂ ਨਾ ਲੱਗੀਆਂ ਹੋਣ ਦੇ ਕਾਰਨ ਖ਼ਾਲੀ ਕੁਆਰਟਰ ਨਸ਼ੇੜੀਆਂ ਦੀ ਪਨਾਹਗਾਹ ਬਣੇ ਹੋਏ ਹਨ। ਇੱਥੇ ਨਸ਼ੇੜੀ ਸਵੇਰੇ-ਸਵੇਰੇ ਜਦੋਂ ਖੰਡਰ ਕੁਆਰਟਰਾਂ ਵਿੱਚ ਨਸ਼ਾ ਕਰਦੇ ਮਿਲ ਜਾਂਦੇ ਹਨ, ਜੋ ਲੋਕਾਂ ਲਈ ਵੀ ਵੱਡੀ ਮੁਸੀਬਤ ਦਾ ਕਾਰਨ ਵੀ ਬਣੇ ਹੋਏ ਹਨ। 

ਕਿਉਂਕਿ ਇਹ ਨਸ਼ੇੜੀ ਨੌਜਵਾਨ ਸਿਵਲ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਉਣ ਆਏ ਹੋਰ ਲੋਕਾਂ ਨੂੰ ਵੀ ਨਹੀਂ ਬਖ਼ਸ਼ ਰਹੇ, ਪਰ.!! ਦੂਜੇ ਪਾਸੇ ਵੇਖਿਆ ਜਾਵੇ ਤਾਂ ਇਸ ਮਾਮਲੇ ਸਿਹਤ ਵਿਭਾਗ ਫ਼ਿਰੋਜ਼ਪੁਰ ਦੇ ਧਿਆਨ ਵਿੱਚ ਹੈ, ਪਰ ਉਹ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਵਿਖਾਈ ਦੇ ਰਿਹਾ ਹੈ ਅਤੇ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਜਿਸ ਨੂੰ ਲੈ ਕੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਇਹ ਸਰਕਾਰੀ ਹਸਪਤਾਲ ਵਿਖੇ ਕੁਆਰਟਰ ਬਣਿਆ ਨੂੰ ਕਰੀਬ 10 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਜਿਸ ਵਿੱਚ ਕਿਸੇ ਵੀ ਡਾਕਟਰ ਦੀ ਰਿਹਾਇਸ਼ ਨਹੀਂ ਹੈ ਅਤੇ ਨਸ਼ੇੜੀ ਨੌਜਵਾਨ ਇਨ੍ਹਾਂ ਕੁਆਰਟਰਾਂ ਨੂੰ ਆਪਣਾ ਅੱਡਾ ਬਣਾ ਕੇ ਨਸ਼ਾ ਲੈ ਰਹੇ ਹਨ। 

'ਨਿਊਜ਼ ਨੰਬਰ' ਵੱਲੋਂ ਜਦੋਂ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਉਣ ਆਏ ਕੁਝ ਲੋਕਾਂ ਅਤੇ ਸਿਹਤ ਵਿਭਾਗ ਦੇ ਕੁਝ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਰਾ ਦਿਨ ਹੀ ਕੁਆਰਟਰਾਂ ਵਿੱਚ ਨਸ਼ੇੜੀ ਬੈਠ ਕੇ ਨਸ਼ਾ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੁਆਰਟਰਾਂ ਵਿੱਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਹੀ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਉਣ ਆਏ ਮਰੀਜ਼ ਕਈ ਹੋਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਇਹ ਵੀ ਕਿਹਾ ਕਿ ਕੋਈ ਵੀ ਸਿਹਤ ਵਿਭਾਗ ਦਾ ਅਧਿਕਾਰੀ ਇਨ੍ਹਾਂ ਖ਼ਾਲੀ ਕੁਆਰਟਰਾਂ ਨੂੰ ਬੰਦ ਕਰਵਾਉਣ ਜਾਂ ਫਿਰ ਆਲ਼ੇ ਦੁਆਲੇ ਸਫ਼ਾਈ ਕਰਵਾਉਣ ਨਹੀਂ ਆਉਂਦਾ।

ਇਸ ਮੌਕੇ ਲੋਕਾਂ ਨੇ ਪੰਜਾਬ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਸਰਕਾਰੀ ਹਸਪਤਾਲ ਵਿਖੇ ਪਏ ਖ਼ਾਲੀ ਖੰਡਰ ਕੁਆਰਟਰਾਂ ਨੂੰ ਛੇਤੀ ਤੋਂ ਛੇਤੀ ਬੰਦ ਜਾਂ ਫਿਰ ਨਸ਼ਟ ਕਰਵਾਇਆ ਜਾਵੇ ਤਾਂ ਜੋ ਨਸ਼ੇੜੀ ਲੋਕ ਨਸ਼ਾ ਨਾ ਕਰ ਸਕਣ ਅਤੇ ਆਮ ਲੋਕਾਂ ਨੂੰ ਵੀ ਕੁਝ ਰਾਹਤ ਮਿਲ ਸਕੇ। ਇਸ ਮੌਕੇ 'ਤੇ ਜਦੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਐੱਸ.ਐੱਮ.ਓ ਡਾਕਟਰ ਤਲਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਈ ਵਾਰ ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਸਬੰਧੀ ਲਿਖਿਆ ਜਾ ਚੁੱਕਿਆ ਹੈ, ਪਰ ਹੁਣ ਤੱਕ ਕਿਸੇ ਨੇ ਵੀ ਇਸ ਸਬੰਧੀ ਗੰਭੀਰਤਾ ਨਹੀਂ ਵਿਖਾਈ। ਉਨ੍ਹਾਂ ਸਪਸ਼ਟ ਕੀਤਾ ਕਿ ਇੱਥੇ ਸਵੇਰੇ ਖ਼ਾਲੀ ਕੁਆਰਟਰਾਂ ਵਿੱਚ ਕਾਫ਼ੀ ਨੌਜਵਾਨ ਜੋ ਨਸ਼ਾ ਛੁਡਾਓ ਕੇਂਦਰ ਵਿਖੇ ਦਵਾਈ ਲੈਣ ਵਾਸਤੇ ਆਉਂਦੇ ਹਨ, ਉਹ ਨੌਜਵਾਨ ਇੱਥੇ ਨਸ਼ਾ ਕਰਦੇ ਹਨ। ਜਿਨ੍ਹਾਂ ਨੂੰ ਕਈ ਵਾਰ ਇੱਥੇ ਆਉਣ ਤੋਂ ਰੋਕਿਆ ਗਿਆ, ਪਰ ਮੌਕਾ ਵੇਖ ਉਹ ਫਿਰ ਆ ਜਾਂਦੇ ਹਨ।

ਦੂਜੇ ਪਾਸੇ ਜੇਕਰ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਛੇਤੀ ਹੀ ਪੁਲਿਸ ਮੁਲਾਜ਼ਮਾਂ ਦੀ ਪੱਕੇ ਤੌਰ 'ਤੇ ਡਿਊਟੀ ਕੁਆਰਟਰਾਂ ਕੋਲ ਲਗਾਈ ਜਾਵੇਗੀ ਤਾਂ ਜੋ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੈਸੇ ਤਾਂ ਸਿਵਲ ਹਸਪਤਾਲ ਵਿਖੇ ਕੁਝ ਪੁਲਿਸ ਮੁਲਾਜ਼ਮ ਤਾਇਨਾਤ ਵੀ ਹਨ, ਪਰ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਦੇ ਕਾਰਨ ਨਸ਼ੇੜੀ ਲੋਕ ਇਸ ਗੱਲ ਦਾ ਫ਼ਾਇਦਾ ਚੁੱਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪਾਸੇ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇਗਾ। ਸੋ ਦੋਸਤੋ, ਦੇਖਣਾ ਹੁਣ ਇਹ ਹੋਵੇਗਾ ਕਿ ਸਰਕਾਰੀ ਹਸਪਤਾਲ ਵਿਖੇ ਕਰੀਬ 10 ਸਾਲ ਪਹਿਲੋਂ ਬਣੇ ਕੁਆਰਟਰ ਜੋ ਖੰਡਰ ਹੋ ਚੁੱਕੇ ਹਨ ਕੀ ਸਰਕਾਰ ਨੂੰ ਉਨ੍ਹਾਂ ਨੂੰ ਢਹਾਉਣ ਦਾ ਹੁਕਮ ਜਾਰੀ ਕਰੇਗੀ ਜਾਂ ਫਿਰ ਪੁਲਿਸ ਤਾਇਨਾਤ ਕਰਕੇ ਨਸ਼ੇੜੀਆਂ ਨੂੰ ਨਸ਼ਾ ਕਰਨ ਤੋਂ ਰੋਕਿਆ ਜਾਵੇ। ਸੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਬਣਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।