ਜਦੋਂ ਹਾਦਸੇ ਦਾ ਕਾਰਨ ਬਣ ਗਿਆ ਵਿਆਹ ਦਾ ਕਾਰਡ!

Last Updated: Jul 10 2018 15:29

ਪਟਿਆਲਾ-ਸਰਹੱਦ ਮਾਰਗ 'ਤੇ ਸਥਿਤ ਪਿੰਡ ਬਾਰਨ ਕੋਲ ਵਾਪਰੇ ਸੜਕ ਹਾਦਸੇ ਦੇ ਦੌਰਾਨ ਇੱਕ ਮੋਟਰਸਾਈਕਲ ਚਾਲਕ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਵਿੱਚ ਜ਼ਖਮੀ ਹੋਏ ਨੌਜਵਾਨ ਦੀ ਪਹਿਚਾਣ ਪਿੰਡ ਧਰਮਕੋਟ ਨਿਵਾਸੀ ਮੱਖਣ ਰਾਮ ਪੁੱਤਰ ਬਿੰਦਾ ਰਾਮ ਦੇ ਤੌਰ 'ਤੇ ਹੋਈ ਹੈ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਮੱਖਣ ਰਾਮ ਆਪਣੇ ਭਰਾ ਦੇ ਵਿਆਹ ਦੇ ਕਾਰਨ ਦੇਣ ਲਈ ਬਾਰਨ ਵਿਖੇ ਰਹਿੰਦੇ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ।

ਜਾਣਕਾਰੀ ਅਨੁਸਾਰ ਜਿਵੇਂ ਹੀ ਮੱਖਣ ਰਾਮ ਨੇ ਆਪਣਾ ਮੋਟਰਸਾਈਕਲ ਪਿੰਡ ਬਾਰਨ ਵੱਲ ਮੋੜਿਆ ਤਾਂ ਉਸ ਦੇ ਹੱਥ ਵਿੱਚ ਫੜਿਆ ਹੋਇਆ ਵਿਆਹ ਦਾ ਕਾਰਡ ਸੜਕ 'ਤੇ ਡਿੱਗ ਪਿਆ। ਕਾਰਡ ਚੁੱਕਣ ਲਈ ਉਸ ਨੇ ਜਿਵੇਂ ਹੀ ਆਪਣੇ ਮੋਟਰਸਾਈਕਲ ਦੀ ਬਰੇਕ ਮਾਰੀ ਤਾਂ ਉਹ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੇ ਚਪੇਟ ਵਿੱਚ ਆ ਗਿਆ। ਟੱਕਰ ਵੱਜਣ ਕਾਰਨ ਮੱਖਣ ਰਾਮ ਸੜਕ 'ਤੇ ਕਈ ਲੋਟ ਪੋਟਨੀਆਂ ਖਾ ਗਿਆ ਲੇਕਿਨ ਖ਼ੁਸ਼ਕਿਸਮਤੀ ਨੂੰ ਉਸ ਦੀ ਜਾਨ ਬਚ ਗਈ।

ਭਾਵੇਂ ਕਿ ਕਸੂਰ ਮੱਖਣ ਰਾਮ ਦਾ ਹੀ ਸੀ ਲੇਕਿਨ ਹਾਦਸੇ ਦੇ ਬਾਅਦ ਡਰ ਦੇ ਕਾਰਨ ਕਾਰ ਚਾਲਕ ਆਪਣੀ ਕਾਰ ਭਜਾ ਲੈ ਜਾਣ ਵਿੱਚ ਕਾਮਯਾਬ ਹੋ ਗਿਆ। ਕਿਉਂਕਿ ਪੰਜਾਬ ਪੁਲਿਸ ਦਾ ਕਨੂੰਨ ਹਾਦਸੇ ਲਈ ਹਮੇਸ਼ਾ ਵੱਡੀ ਗੱਡੀ ਵਾਲੇ ਨੂੰ ਹੀ ਜ਼ਿੰਮੇਵਾਰ ਮੰਨਦਾ ਹੈ, ਲਿਹਾਜ਼ਾ ਪੁਲਿਸ ਨੇ ਫ਼ਿਲਹਾਲ ਅਣਪਛਾਤੇ ਕਾਰ ਚਾਲਕ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।