ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਬੱਚਿਆਂ ਦਾ ਸਿਹਤਮੰਦ ਹੋਣਾ ਜ਼ਰੂਰੀ:ਸਿਵਲ ਸਰਜਨ

Last Updated: Jul 10 2018 13:01

9 ਤੋਂ 21 ਜੁਲਾਈ ਤੱਕ ਚੱਲਣ ਵਾਲੇ ਤੀਵਰ ਦਸਤ ਰੋਕੂ ਪੰਦ੍ਹਰਵਾੜਾ ਦੇ ਸਬੰਧ ਵਿੱਚ ਸਿਵਲ ਹਸਪਤਾਲ ਵਿਖੇ ਓ.ਆਰ.ਐੱਸ ਅਤੇ ਜ਼ਿੰਕ ਕਾਰਨਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਬੱਚਿਆਂ ਦੀ ਸਿਹਤ ਚੰਗੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਦਸਤ ਰੋਕੂ ਪੰਦ੍ਹਰਵਾੜੇ ਦਾ ਮੁੱਖ ਉਦੇਸ਼ 0-5 ਸਾਲ ਦੇ ਬੱਚਿਆਂ ਦੀਆਂ ਦਸਤ ਨਾਲ ਹੋਣ ਵਾਲੀਆਂ ਮੌਤਾਂ ਦਾ ਗਰਾਫ਼ ਜ਼ੀਰੋ ਲੈ ਕੇ ਆਉਣਾ ਹੈ।

ਡਾ. ਬਲਵੰਤ ਸਿੰਘ ਨੇ ਕਿਹਾ ਕਿ ਓ.ਆਰ.ਐੱਸ. ਅਤੇ ਜ਼ਿੰਕ ਦਸਤ ਰੋਗ ਦਾ ਪ੍ਰਭਾਵਸ਼ਾਲੀ ਇਲਾਜ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਆਸ਼ਾ ਮਾਂਗਟ ਨੇ ਕਿਹਾ ਕਿ ਜ਼ਿਲ੍ਹੇ ਵਿੱਚ 0-5 ਸਾਲ ਦੇ ਬੱਚਿਆਂ ਦੀ ਗਿਣਤੀ 87582 ਹੈ। ਜ਼ਿਲ੍ਹੇ ਵਿੱਚ 202 ਓ.ਆਰ.ਐੱਸ. ਤੇ ਜ਼ਿੰਕ ਕਾਰਨਰ ਬਣਾਏ ਗਏ ਹਨ। ਇਸ ਪੰਦ੍ਹਰਵਾੜੇ ਦੌਰਾਨ ਆਸ਼ਾ ਵਰਕਰ ਵੱਲੋਂ ਘਰ ਘਰ ਜਾ ਕੇ ਓ.ਆਰ.ਐੱਸ. ਦੇ ਪੈਕੇਟ ਵੰਡੇ ਜਾਣਗੇ ਤੇ ਘੋਲ ਬਣਾਉਣ ਦੀ ਵਿਧੀ ਵੀ ਦੱਸੀ ਜਾਵੇਗੀ। 

ਇਸ ਤੋਂ ਇਲਾਵਾ ਜਿਹੜੇ ਬੱਚੇ ਜ਼ਿਆਦਾ ਦਸਤ ਨਾਲ ਜਾਣ ਕੁ ਪੋਸ਼ਣ ਨਾਲ ਪੀੜਤ ਹਨ, ਉਨ੍ਹਾਂ ਦੀ ਸਕਰੀਨਿੰਗ ਕਰ ਕੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਰੈਫ਼ਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹੈਲਥ ਟੀਮਾਂ ਵੱਲੋਂ ਸਕੂਲਾਂ ਵਿੱਚ ਜਾ ਕੇ ਹੱਥ ਧੋਣ ਦੇ ਤਰੀਕਿਆਂ ਬਾਰੇ ਵੀ ਜਾਗਰੂਕ ਕੀਤਾ ਜਾਏਗਾ। ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੰਵਲਜੀਤ ਕੌਰ ਨੇ ਹਾਜ਼ਰੀਨ ਨੂੰ ਕਿਹਾ ਕਿ ਦਸਤ ਲੱਗਣ ਤੇ ਬੱਚੇ ਨੂੰ ਓ.ਆਰ.ਐੱਸ. ਦਾ ਘੋਲ ਦਿੱਤਾ ਜਾਏ ਤੇ 14 ਦਿਨ ਤੱਕ ਜ਼ਿੰਕ ਦੀ ਗੋਲੀ ਖਾਣ ਨੂੰ ਦਿੱਤੀ ਜਾਵੇ। 

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੱਚੇ ਨੂੰ 6 ਮਹੀਨਿਆਂ ਤੱਕ ਮਾਂ ਦਾ ਦੁੱਧ ਹੀ ਦਿੱਤਾ ਜਾਵੇ  ਤੇ ਬੋਤਲ ਨਾਲ ਦੁੱਧ ਨਾ ਪਿਲਾਇਆ ਜਾਵੇ। ਉਨ੍ਹਾਂ ਕਿਹਾ ਕਿ ਦਸਤ ਲੱਗਣ ਤੇ ਅਕਸਰ ਬੱਚੇ ਨੂੰ ਦੁੱਧ ਦੇਣਾ ਬੰਦ ਕਰ ਦਿੱਤਾ ਜਾਂਦਾ ਹੈ, ਅਜਿਹਾ ਨਾ ਕੀਤਾ ਜਾਵੇ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਰਮੇਸ਼ ਕੁਮਾਰੀ ਬੰਗਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਰਿੰਦਰ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਆ ਦੁੱਗਲ, ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਸੁਰਿੰਦਰ ਮੱਲ, ਡਾ. ਜਸਮੀਨ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਪਰਮਜੀਤ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਸ਼ੀ ਬਾਲਾ, ਨੀਲਮ ਕੁਮਾਰੀ ਤੇ ਹੋਰ ਹਾਜ਼ਰ ਸਨ।