ਪੁਲਿਸ ਦਾ ਦਾਅਵਾ: ਭੁੱਕੀ ਚੂਰਾ ਪੋਸਤ, ਨਸ਼ੀਲੀਆਂ ਗੋਲੀਆਂ ਅਤੇ ਨਜਾਇਜ਼ ਸ਼ਰਾਬ ਸਣੇ 3 ਵਿਅਕਤੀ ਕਾਬੂ ..!!

Last Updated: Jul 10 2018 12:52

ਥਾਣਾ ਸਿਟੀ ਜ਼ੀਰਾ, ਮੱਖੂ ਅਤੇ ਗੁਰੂਹਰਸਹਾਏ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਭੁੱਕੀ ਚੂਰਾ ਪੋਸਤ, ਨਸ਼ੀਲੀਆਂ ਗੋਲੀਆਂ ਅਤੇ ਨਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਫੜੇ ਗਏ ਉਕਤ ਤਿੰਨਾਂ ਵਿਅਕਤੀਆਂ ਵਿਰੁੱਧ ਐਨਡੀਪੀਐਸ ਅਤੇ ਆਬਕਾਰੀ ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਜ਼ੀਰਾ ਦੇ ਸਹਾਇਕ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਦੋਂ ਉਹ ਸਮੇਤ ਪੁਲਿਸ ਪਾਰਟੀ ਜ਼ੀਰਾ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਟਿੱਬਾ ਬਸਤੀ ਦਾ ਰਹਿਣ ਵਾਲਾ ਇੱਕ ਵਿਅਕਤੀ ਬਾਹਰੋਂ ਲਿਆ ਕੇ ਚੂਰਾ ਪੋਸਤ ਜ਼ੀਰਾ ਵਿਖੇ ਵੇਚਦਾ ਹੈ। 

ਪੁਲਿਸ ਨੇ ਦਾਅਵਾ ਕਰਦਿਆਂ ਦੱਸਿਆ ਕਿ ਸੂਚਨਾ ਮਿਲਦਿਆਂ ਸਾਰ ਜਦੋਂ ਉਕਤ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਤਾਂ ਉੱਥੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਦੇ ਕਬਜ਼ੇ ਵਿੱਚੋਂ 15 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਚੂਰਾ ਪੋਸਤ ਸਮੇਤ ਫੜੇ ਗਏ ਵਿਅਕਤੀ ਦੀ ਪਛਾਣ ਜਗਤਾਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰਾਮ ਨਗਰ ਸਾਉਕੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹਾਲ ਟਿੱਬਾ ਬਸਤੀ ਜ਼ੀਰਾ ਵਜੋਂ ਹੋਈ ਹੈ। ਇਸੇ ਤਰ੍ਹਾਂ ਥਾਣਾ ਮੱਖੂ ਦੇ ਸਬ ਇੰਸਪੈਕਟਰ ਦਿਲਬਾਰ ਅਲੀ ਨੇ ਦਾਅਵਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਬੀਤੇ ਦਿਨ ਪਿੰਡ ਸੂਦਾ ਕੋਲ ਨਾਕੇਬੰਦੀ ਦੇ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 300 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਬਰਾਮਦ ਕੀਤੀਆਂ ਗਈਆਂ ਹਨ। 

ਪੁਲਿਸ ਨੇ ਦੱਸਿਆ ਕਿ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ ਆਪਣਾ ਨਾਂਅ ਦਲਜੀਤ ਸਿੰਘ ਉਰਫ਼ ਕਾਲਾ ਪੁੱਤਰ ਦਲੀਪ ਸਿੰਘ ਵਾਸੀ ਮੰਝ ਵਾਲਾ ਦੱਸਿਆ ਹੈ। ਥਾਣਾ ਗੁਰੂਹਰਸਹਾਏ ਦੇ ਏਐਸਆਈ ਮੇਜਰ ਸਿੰਘ ਨੇ ਦਾਅਵਾ ਕਰਦਿਆਂ ਦੱਸਿਆ ਕਿ ਬੀਤੀ ਦੁਪਹਿਰ ਬਸਤੀ ਮੱਘਰ ਵਾਲੀ ਵਿਖੇ ਛਾਪੇਮਾਰੀ ਦੇ ਦੌਰਾਨ ਇੱਕ ਵਿਅਕਤੀ ਦੇ ਕਬਜ਼ੇ ਵਿੱਚੋਂ ਸਵਾ 8 ਸ਼ਰਾਬ ਦੀਆਂ ਨਜਾਇਜ਼ ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਸ਼ਰਾਬ ਸਮੇਤ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਅਸ਼ੋਕ ਸਿੰਘ ਪੁੱਤਰ ਬਗ਼ੀਚਾ ਸਿੰਘ ਵਾਸੀ ਮੱਘਰ ਵਿੱਚ ਵਾਲੀ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।