ਕੰਢੀ ਅਤੇ ਸਰਹੱਦੀ ਖੇਤਰ ਦੇ ਵਿਕਾਸ ਲਈ ਪ੍ਰਸ਼ਾਸਨ ਵੱਲੋਂ ਖ਼ਾਕਾ ਕੀਤਾ ਜਾ ਰਿਹਾ ਤਿਆਰ

Sukhjinder Kumar
Last Updated: Jul 10 2018 12:29

15ਵੇਂ ਕਮਿਸ਼ਨ ਅਧੀਨ ਸਾਲ 2020-21 ਤੋਂ ਲੈ ਕੇ 2024-25 ਤੱਕ ਦੀਆਂ ਬਾਰਡਰ ਏਰੀਆ ਅਤੇ ਕੰਡੀ ਖੇਤਰ ਅਧੀਨ ਪੈਂਦੇ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਨੂੰ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਤੋਂ ਤਜਵੀਜਾਂ ਦੀ ਮੰਗ ਕੀਤੀ ਗਈ ਹੈ ਅਤੇ ਸਾਰੇ ਵਿਭਾਗ ਉਕਤ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾਵਾਂ ਅਧੀਨ ਜਲਦੀ ਹੀ ਰਿਪੋਰਟ ਸਬੰਧਿਤ ਵਿਭਾਗ ਨੂੰ ਜਮਾ ਕਰਵਾਉਣਗੇ। ਇਹ ਪ੍ਰਗਟਾਵਾ ਕੁਲਵੰਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਉਪ ਅਰਥ ਅਤੇ ਅੰਕੜਾ ਸਲਾਹਕਾਰ ਵਿਭਾਗ ਵੱਲੋਂ ਆਯੋਜਿਤ ਕੀਤੀ ਇਕ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ। 

ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ 15ਵੇਂ ਕਮਿਸ਼ਨ ਅਧੀਨ ਸਾਲ 2020-21 ਤੋਂ ਲੈ ਕੇ 2024-25 ਤੱਕ ਦੀਆਂ ਬਾਰਡਰ ਏਰੀਆ ਅਤੇ ਕੰਡੀ ਖੇਤਰ ਅਧੀਨ ਪੈਂਦੇ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਨੂੰ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਤੋਂ ਰਿਪੋਰਟ ਮੰਗੀ ਗਈ ਹੈ ਜੋ ਜ਼ਿਲ੍ਹਾ ਪਠਾਨਕੋਟ ਦੇ ਲਈ ਹੋਰ ਵਧੀਆ ਪਲਾਨ ਲੈ ਕੇ ਰਿਪੋਰਟ ਸਬੰਧਿਤ ਵਿਭਾਗ ਨੂੰ ਭੇਜਣਗੇ। ਉਨ੍ਹਾਂ ਦੱਸਿਆ ਕਿ ਇਹ ਰਿਪੋਰਟ ਕੰਡੀ ਖੇਤਰ ਜਿਸ ਵਿੱਚ ਧਾਰ ਕਲਾ ਅਤੇ ਨੰਗਲਭੂਰ ਸਾਈਡ ਦਾ ਕੁਝ ਹਿੱਸਾ ਆਉਂਦਾ ਹੈ ਨੂੰ ਧਿਆਨ ਵਿੱਚ ਰੱਖ ਕੇ ਅਤੇ ਇਸੇ ਹੀ ਤਰਾ ਬਾਰਡਰ ਏਰੀਆ ਜਿਸ ਅਧੀਨ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਆਉਂਦਾ ਹੈ ਦੀ ਬਿਹਤਰੀ ਲਈ ਤਜਵੀਜਾਂ ਤਿਆਰ ਕਰ ਕੇ ਵਿਭਾਗ ਨੂੰ ਭੇਜਣਗੇ।