ਦੁਨੀਆ ਹਰ ਰੋਜ਼ ਨਵੀਆਂ ਖੋਜਾਂ ਦਾ ਆਨੰਦ ਮਾਣ ਰਹੀ ਹੈ ਅਤੇ ਦੂਜੇ ਪਾਸੇ ਕੁਝ ਅਜਿਹੇ ਲੋਕ ਹਨ ਜੋ ਕਿ ਵਹਿਮਾਂ ਭਰਮਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਦੀ ਵੀ ਕਦਰ ਨਹੀਂ ਕਰ ਰਹੇ ਹਨ। ਰਾਜਪੁਰਾ ਸ਼ਹਿਰ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ, ਜਿਸ ਅਨੁਸਾਰ ਇੱਕ ਸਿਹਤ ਵਿਭਾਗ ਦੇ ਮੁਲਾਜ਼ਮ ਦੀ ਬੀਵੀ ਨੇ ਆਪਣੇ ਅੰਧ ਵਿਸ਼ਵਾਸ ਕਾਰਣ ਹਮੇਸ਼ਾ ਲਈ ਆਪਣੀ ਜੀਵਨ ਲੀਲਾ ਸਮਾਪਤ ਕਰਦੇ ਹੋਏ ਆਪਣੇ ਆਪ ਨੂੰ ਅੱਗ ਲਾ ਲਈ। ਇਸਦੇ ਨਾਲ ਹੀ ਹੁਣ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮਹਿਲਾ ਵੱਲੋਂ ਪੁਲਿਸ ਦੇ ਨਾਂਅ ਇੱਕ ਸੁਸਾਇਡ ਨੋਟ ਵੀ ਛੱਡਿਆ ਗਿਆ ਹੈ।
ਪਿੰਡ ਨਲਾਸ ਵਿੱਚ ਰਹਿੰਦੀ ਮ੍ਰਿਤਕਾ ਦਵਿੰਦਰ ਕੌਰ ਦੇ ਸ਼ਬਦਾਂ ਵਿੱਚ ਦੱਸੀਏ ਤਾਂ ਉਸਦਾ ਕਹਿਣਾ ਹੈ ਕਿ ਉਹ ਸ਼ਨੀਵਾਰ ਸ਼ਾਮ ਸ਼ਿਵ ਜੀ ਦੇ ਮੰਦਰ ਦਰਸ਼ਨ ਕਰਕੇ ਆਈ ਅਤੇ ਉਸੇ ਰਾਤ ਉਸ ਨੂੰ ਇਸ਼ਟਦੇਵ ਨੇ ਹੁਕਮ ਦਿੱਤਾ ਕਿ ਖ਼ੁਦ ਨੂੰ ਆਜ਼ਾਦ ਕਰਨ ਲਈ ਉਸ ਨੂੰ ਆਪਣੇ ਸਰੀਰ ਨੂੰ ਛੱਡਣਾ ਪਵੇਗਾ, ਜਿਸ ਕਾਰਣ ਮਹਿਲਾ ਨੇ ਰਵੀਵਾਰ ਦੇਰ ਰਾਤ ਆਪਣੇ ਆਪ ਨੂੰ ਅੱਗ ਲਾ ਕੇ ਆਪਣਾ ਜੀਵਨ ਖ਼ਤਮ ਕਰ ਦਿੱਤਾ। ਮਹਿਲਾ ਦੇ ਪਤੀ ਦਾ ਹਾਲ ਵੀ ਉਸ ਨੂੰ ਬਚਾਉਣ ਦੇ ਚੱਕਰ ਵਿੱਚ ਹਾਲੇ ਤੱਕ ਗੰਭੀਰ ਹੈ ਅਤੇ ਉਹ ਫ਼ਿਲਹਾਲ ਪੀਜੀਆਈ ਵਿੱਚ ਜੇਰੇ ਇਲਾਜ ਹੈ। ਇੱਧਰ ਰਾਜਪੁਰਾ ਪੁਲਿਸ ਵੱਲੋਂ ਮ੍ਰਿਤਕਾ ਦੇ ਸਰੀਰ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਉਸਦੇ ਪਰਿਵਾਰ ਨੂੰ ਸੌਂਪਣ ਦੀ ਤਿਆਰੀ ਕਰ ਲਈ ਗਈ ਹੈ।