ਵਿਧਾਇਕ ਨਵਤੇਜ ਸਿੰਘ ਚੀਮਾ ਨੇ 'ਡੈਪੋ' ਪ੍ਰੋਗਰਾਮ ਤਹਿਤ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ

Last Updated: Jul 09 2018 19:15

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ 'ਡੈਪੋ' ਮੁਹਿੰਮ ਤਹਿਤ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਹਲਕੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਇਸ ਸਬੰਧੀ ਕਾਊਂਸਲਿੰਗ ਦਾ ਪ੍ਰਬੰਧ ਕਰਨ।

ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਹੁਣ ਤੋਂ ਹੀ ਜਾਣੂ ਕਰਵਾਇਆ ਜਾਵੇਗਾ ਤਾਂ ਉਹ ਭਵਿੱਖ ਵਿਚ ਇਨ੍ਹਾਂ ਵੱਲ ਮੂੰਹ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਹੀ ਰਸਤੇ ਤੋਰਨ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਆਦਰਸ਼ ਮੰਨਦੇ ਹਨ। ਇਸ ਦੌਰਾਨ ਸਾਰੇ ਸਕੂਲ ਮੁਖੀਆਂ ਨੇ ਚੀਮਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ। 

ਉਨ੍ਹਾਂ ਕਿਹਾ ਕਿ ਉਹ ਜ਼ਿੰਮੇਵਾਰੀ ਲੈਂਦੇ ਹਨ ਕਿ ਉਨ੍ਹਾਂ ਦੇ ਵਿਦਿਆਰਥੀ ਪੂਰੀ ਤਰਾਂ ਨਸ਼ੇ ਤੋਂ ਰਹਿਤ ਹਨ। ਜੇਕਰ ਹੁਣੇ ਤੋਂ ਇਹਨਾਂ ਨੂੰ ਅਜਿਹਿਆਂ ਅਲਾਮਤਾਂ ਪ੍ਰਤੀ ਜਾਗਰੂਕ ਕਰ ਲਿਆ ਤਾਂ ਇਹਨਾਂ ਦਾ ਭਵਿੱਖ ਉੱਜਵਲ ਹੋਵੇਗਾ। ਇਸ ਲਈ ਇਸ ਪਾਸੇ ਖ਼ਾਸ ਧਿਆਨ ਦਿੱਤਾ ਜਾਵੇ। ਇਸ ਮੌਕੇ ਐਸ. ਡੀ. ਐਮ ਡਾ. ਚਾਰੂਮਿਤਾ, ਡਿਪਟੀ ਡੀ. ਈ. ਓ (ਸ) ਬਿਕਰਮਜੀਤ ਸਿੰਘ, ਸਟੇਟ ਐਵਾਰਡੀ ਰੌਸ਼ਨ ਖੇੜਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।