ਦਸਤ ਰੋਕੂ ਪੰਦ੍ਹਰਵਾੜੇ ਦੀ ਹੋਈ ਸ਼ੁਰੂਆਤ

Last Updated: Jul 09 2018 19:04

“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਨੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਅੱਜ ਮਿਤੀ 09 ਜੁਲਾਈ ਤੋਂ 22 ਜੁਲਾਈ 2018 ਤੱਕ ਚੱਲਣ ਵਾਲੇ ਦਸਤ ਰੋਕੂ ਪੰਦ੍ਹਰਵਾੜਾ (ਇੰਨਟੈਨਸੀਫਾਈਡ ਡਾਇਰੀਆ ਕੰਟਰੋਲ ਫੋਟਨਾਈਟ) ਦੀ ਸ਼ੁਰੂਆਤ ਕੀਤੀ। ਇਸ ਮੌਕੇ ਡਾ.ਨੈਨਾ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਪਠਾਨਕੋਟ ਵੱਲੋਂ ਦਸਤ ਰੋਕੂ ਪੰਦ੍ਹਰਵਾੜੇ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਦਸਤ ਰੋਗ ਦੀ ਰੋਕਥਾਮ ਲਈ ਜ਼ਿਲ੍ਹੇ ਦੇ ਲਗਭਗ 69,396 ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। 

ਊਨਾ ਕਿਹਾ ਕਿ ਦਸਤ ਰੋਗ ਜ਼ਿਆਦਾਤਰ 0 ਤੋਂ 5 ਸਾਲ ਤੱਕ ਦੇ ਬੱਚਿਆਂ ਵਿੱਚ ਹੁੰਦਾ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਬੱਚਿਆਂ ਵਿੱਚ ਦਸਤ ਹੋਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ। ਇਸ ਲਈ ਪੰਦ੍ਹਰਵਾੜੇ ਦੌਰਾਨ ਹਰ ਘਰ ਵਿੱਚ ਦਸਤ ਤੋਂ ਬਚਾਅ ਲਈ ਜੀਵਨ ਰੱਖਿਅਕ ਘੋਲ (ਓ.ਆਰ.ਐਸ) ਦੇ ਪੈਕਟ ਵੰਡੇ ਜਾਣਗੇ ਤੇ ਨਾਲ ਹੀ ਜ਼ਿੰਕ ਦੀਆਂ ਗੋਲੀਆਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਤੌਰ ਤੇ ਓ.ਆਰ.ਐਸ + ਜ਼ਿੰਕ ਕਾਰਨਰ ਵੀ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਘਰ- ਘਰ ਸਰਵੇ ਕਰਕੇ 0 ਤੋਂ 5 ਸਾਲ ਤੱਕ ਦੇ ਦਸਤ ਰੋਗ ਤੋਂ ਪੀੜਤ ਬੱਚਿਆਂ ਦੀ ਪਛਾਣ ਕਰਨ ਤੋ ਬਾਅਦ ਉਨ੍ਹਾਂ ਨੂੰ ਓ.ਆਰ.ਐਸ ਅਤੇ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਜਾਣਗੀਆਂ ਅਤੇ ਜਿਨ੍ਹਾਂ ਦਾ ਇਲਾਜ ਘਰ 'ਚ ਨਹੀਂ ਹੋ ਸਕਦਾ ਉਨ੍ਹਾਂ ਨੂੰ ਹਸਪਤਾਲ ਰੈਫ਼ਰ ਕੀਤਾ ਜਾਵੇਗਾ।

ਇਸ ਮੌਕੇ ਹਾਜ਼ਰ ਬੱਚਿਆਂ ਦੇ ਮਾਹਿਰ ਡਾ.ਵੰਦਨਾ ਗੋਇਲ ਨੇ ਦੱਸਿਆ ਕਿ ਦਸਤ ਕਾਰਨ ਬੱਚਿਆਂ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਬੱਚਾ ਸੁਸਤ ਤੇ ਨਿਢਾਲ ਹੋ ਜਾਂਦਾ ਹੈ। ਊਨਾ ਦੱਸਿਆ ਕਿ ਬੱਚਿਆਂ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਜੀਵਨ ਰੱਖਿਅਕ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਨਾਲ ਇਲਾਜ ਕਰਕੇ ਬੱਚਿਆਂ ਵਿੱਚ ਦਸਤ ਰੋਗ ਨੂੰ ਦੂਰ ਕੀਤਾ ਜਾ ਸਕਦਾ ਹੈ। ਦਸਤ ਦੀ ਪਹਿਚਾਣ ਸਬੰਧੀ ਊਨਾ ਦੱਸਿਆ ਕਿ ਬੱਚਾ ਦੋ ਮਹੀਨੇ ਤੋਂ ਛੋਟਾ ਹੈ ਅਤੇ ਪਤਲਾ ਪਖਾਨਾ ਕਰ ਰਿਹਾ ਹੈ ਜਾਂ ਬੱਚਾ ਦੋ ਮਹੀਨੇ ਤੋਂ ਪੰਜ ਸਾਲ ਤੱਕ ਦਾ ਹੈ ਅਤੇ 24 ਘੰਟੇ ਵਿੱਚ 3 ਜਾਂ ਇਸ ਤੋਂ ਜ਼ਿਆਦਾ ਵਾਰ ਪਤਲਾ/ਪਾਣੀ ਵਾਲਾ ਪਖਾਨਾ ਕਰ ਰਿਹਾ ਹੈ ਤਾਂ ਦਸਤ ਰੋਗ ਕਹਿਲਾਂਦਾ ਹੈ।

ਇਸ ਮੌਕੇ ਹਾਜ਼ਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕਿਰਨ ਬਾਲਾ ਨੇ ਕਿਹਾ ਕਿ ਬੱਚੇ ਵਿੱਚ ਦਸਤ ਦੀ ਰੋਕਥਾਮ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਖਾਣਾ ਬਣਾਉਣ, ਬੱਚੇ ਨੂੰ ਆਹਾਰ ਦੇਣ ਤੋਂ ਪਹਿਲਾਂ ਅਤੇ ਬੱਚੇ ਦੇ ਪਖਾਨੇ ਦੀ ਸਫ਼ਾਈ ਕਰਨ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਹੀ ਧੋਵੋ। ਇਸ ਤੋ ਇਲਾਵਾ ਆਪਣੇ ਬੱਚੇ ਦੇ ਮਲ ਦਾ ਤੁਰੰਤ ਅਤੇ ਸੁਰੱਖਿਅਤ ਢੰਗ ਨਾਲ ਨਿਪਟਾਰਾ ਕਰੋ। ਘਰ ਵਿੱਚ ਲੈਟਰੀਨਜ਼ ਦੀ ਵਰਤੋਂ ਕਰੋ ਅਤੇ ਸਵੱਛਤਾ ਦਾ ਧਿਆਨ ਰੱਖੋ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਵਿੱਚ ਤੀਬਰ ਦਸਤ ਹੋ ਜਾਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਡਾਕਟਰ ਕੋਲ ਲੈ ਕੇ ਜ਼ਰੂਰ ਜਾਓ।