27 ਸਾਲਾਂ ਜਗਮੋਹਨ ਵੀ ਛੱਡ ਗਿਆ ਚਿੱਟਾ

Kajal Kaushik
Last Updated: Jul 09 2018 17:53

ਆਖਰ ਉਹ ਦਿਨ ਵੀ ਵੇਖਣ ਨੂੰ ਮਿਲ ਹੀ ਗਿਆ ਕਿ ਨੌਜਵਾਨ ਖੁਦ ਕਹਿ ਰਹੇ ਹਨ ਕਿ ਚਿੱਟਾ ਭਵਿੱਖ ਨੂੰ ਬਰਬਾਦ ਕਰਦਾ ਹੈ ਅਤੇ ਇਸ ਨੂੰ ਛੱਡ ਕੇ ਹੀ ਜ਼ਿੰਦਗੀ ਆਬਾਦ ਹੋ ਸਕਦੀ ਹੈ। ਚਿੱਟੇ ਨਾਲ ਜੰਗ ਦੀਆਂ ਜੁੜੀਆਂ ਕਹਾਣੀਆਂ ਹੁਣ ਜੋ ਸੁਣਨ ਨੂੰ ਮਿਲ ਰਹੀਆਂ ਹਨ, ਉਹ ਪੰਜਾਬ ਦੇ ਉੱਜਵਲ ਭਵਿੱਖ ਵੱਲ ਇਸ਼ਾਰਾ ਕਰ ਰਹੀਆਂ ਹਨ। ਅੱਜ ਇੱਕ ਹੋਰ 27 ਸਾਲਾਂ ਦਾ ਨੌਜਵਾਨ ਸਾਹਮਣੇ ਆਇਆ ਹੈ, ਜਿਸ ਨੇ ਚਿੱਟੇ ਨੂੰ ਤਿਆਗ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਕੈਪਟਨ ਸਰਕਾਰ ਦੇ ਰਾਜ ਵਿੱਚ ਜੇਕਰ ਇਸੇ ਗਤੀ ਨਾਲ ਨੌਜਵਾਨ ਮੁੰਡੇ ਚਿੱਟੇ ਦੇ ਰਾਹ ਨੂੰ ਛੱਡਦੇ ਰਹੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੈਪਟਨ ਸਰਕਾਰ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਸਮਾਣਾ ਇਲਾਕੇ ਦੇ ਬਾਰ੍ਹਵੀਂ ਪਾਸ ਤੇ 27 ਸਾਲਾਂ ਨੌਜਵਾਨ ਜਗਮੋਹਨ ਸਿੰਘ (ਬਦਲਿਆ ਨਾਮ) ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਵੀ ਸਮੈਕ, ਗੋਲੀਆਂ, ਜਰਦਾ, ਸ਼ਰਾਬ ਆਦਿ ਭੈੜੇ ਨਸ਼ਿਆਂ ਦਾ ਆਦੀ ਹੋ ਚੁੱਕਾ ਸੀ, ਜਿਸ ਕਾਰਨ ਉਸ ਦੀ ਤੇ ਉਸ ਦੇ ਨੰਨ੍ਹੇ ਬੱਚੇ ਦੀ ਜ਼ਿੰਦਗੀ ਤਬਾਹ ਹੋਣ ਦੇ ਕਿਨਾਰੇ ਤੇ ਸੀ, ਪਰੰਤੂ ਮਾੜੀ ਸੋਭਤ ਕਾਰਨ ਲੱਗੇ ਨਸ਼ੇ ਦੀ ਲਤ ਤੋਂ ਛੁਟਕਾਰਾ ਸਾਕੇਤ ਹਸਪਤਾਲ ਤੋਂ ਮਿਲ ਹੀ ਗਿਆ ਅਤੇ ਉਸ ਦਾ ਪਤੀ ਹੁਣ ਠੀਕ ਠਾਕ ਹੋ ਕੇ ਚੰਗੀ ਕਮਾਈ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਨਸ਼ਾ ਮੁਕਤੀ ਕੇਂਦਰ ਆਪਣਾ ਰੋਲ ਚੰਗੀ ਤਰ੍ਹਾਂ ਨਿਭਾ ਰਹੇ ਹਨ, ਜਿਸ ਦਾ ਸਬੂਤ ਖੁਦ ਮਰੀਜ਼ਾਂ ਅਤੇ ਨਸ਼ੇ ਦੀ ਰਾਹ ਨੂੰ ਛੱਡ ਚੁੱਕੇ ਨੌਜਵਾਨਾਂ ਤੋਂ ਸੁਣਨ ਨੂੰ ਮਿਲ ਰਿਹਾ ਹੈ।