ਹੈਂ!! ਦੁੱਧ ਵੇਚਣ ਵਾਲੇ ਵੀ ਸਪਲਾਈ ਕਰਦੇ ਨੇ 'ਚਿੱਟਾ'.! (ਨਿਊਜ਼ ਨੰਬਰ ਖ਼ਾਸ ਖ਼ਬਰ)

Last Updated: Jul 09 2018 17:59

'ਪੰਜ-ਆਬ' ਵਿੱਚ ਇਨ੍ਹਾਂ ਦਿਨਾਂ ਅੰਦਰ ਚਿੱਟੇ ਦੇ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਨੇ ਸਮੇਂ ਦੀਆਂ ਸਰਕਾਰ 'ਤੇ ਸਵਾਲ ਖੜੇ ਕਰਕੇ ਰੱਖ ਦਿੱਤੇ ਹਨ। ਪੰਜਾਬ ਸਰਕਾਰ ਨਸ਼ੇ ਦੇ ਮੁੱਦੇ 'ਤੇ ਘਿਰਦੀ ਨਜ਼ਰੀ ਆ ਰਹੀ ਹੈ, ਕਿਉਂਕਿ ਸੱਤਾ ਵਿੱਚ ਆਉਣ ਤੋਂ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ਵਿੱਚ ਆਉਂਦਿਆਂ ਹੀ 4 ਹਫ਼ਤਿਆਂ ਵਿੱਚ ਨਸ਼ਾ ਬੰਦ ਕਰ ਦਿੱਤਾ ਜਾਵੇਗਾ, ਪਰ.!! ਦੁੱਖ ਦੀ ਗੱਲ ਹੈ ਕਿ ਕੈਪਟਨ ਸਰਕਾਰ ਨੂੰ ਸੱਤਾ ਵਿੱਚ ਆਇਆ ਨੂੰ ਕਰੀਬ 16 ਮਹੀਨੇ ਹੋ ਗਏ ਹਨ, ਪਰ ਹੁਣ ਤੱਕ ਕੋਈ ਵੀ ਵੱਡਾ ਨਸ਼ਾ ਸਮਗਲਰ ਫੜ ਕੇ ਸਲਾਖ਼ਾਂ ਪਿੱਛੇ ਨਹੀਂ ਸੁੱਟਿਆ ਗਿਆ।

ਪੰਜਾਬ ਵਿੱਚ ਚਿੱਟੇ ਕਾਰਨ ਪਿਛਲੇ ਕਰੀਬ ਡੇਢ ਮਹੀਨੇ ਦੇ ਦੌਰਾਨ ਹੀ ਦਰਜਨਾਂ ਨੌਜਵਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ। ਦੂਜੇ ਪਾਸੇ ਵੇਖਿਆ ਜਾਵੇ ਤਾਂ ਵਿਰੋਧੀ ਪਾਰਟੀਆਂ ਦੇ ਨੇਤਾ ਵੀ ਨਸ਼ੇ ਦੇ ਮੁੱਦੇ 'ਤੇ ਸਿਆਸੀ ਰੋਟੀਆਂ ਸੇਕ ਰਹੇ ਹਨ। ਪੰਜਾਬ ਦੀ ਨਸ਼ੇ ਵਿੱਚ ਰੁਲਦੀ ਜਵਾਨੀ ਨੂੰ ਬਚਾਉਣ ਲਈ ਸਮੇਂ ਦੀ ਸਰਕਾਰ ਤੋਂ ਇਲਾਵਾ ਪਿਛਲੀ ਸਰਕਾਰ ਵੱਲੋਂ ਵੀ ਕੁਝ ਨਹੀਂ ਕੀਤਾ ਗਿਆ। ਦੱਸ ਦੇਈਏ ਕਿ 1 ਜੁਲਾਈ ਤੋਂ ਲੈ 7 ਜੁਲਾਈ ਤੱਕ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਭਾਵੇਂ ਹੀ ਕਾਲਾ ਹਫ਼ਤਾ ਮਨਾਇਆ ਗਿਆ, ਪਰ ਸਰਕਾਰ ਨੂੰ ਇਸ ਕਾਲੇ ਹਫ਼ਤੇ ਨਾਲ ਕੋਈ ਫ਼ਰਕ ਨਹੀਂ ਪਿਆ।

 
ਸਰਕਾਰ ਨੇ ਇਸ ਮਨਾਏ ਗਏ ਕਾਲੇ ਹਫ਼ਤੇ ਦੌਰਾਨ ਦੋ ਹੀ ਅਹਿਮ ਫ਼ੈਸਲਾ ਲਿਆ ਹੈ ਕਿ ਜੇਕਰ ਕੋਈ ਨਸ਼ਾ ਤਸਕਰ ਫੜਿਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਮੌਤ ਦੀ ਸਜਾ ਵੀ ਦਿੱਤੀ ਜਾਵੇਗੀ ਅਤੇ ਦੂਜਾ ਫ਼ੈਸਲਾ ਕਿ ਸਾਰੇ ਮੁਲਾਜ਼ਮਾਂ ਦੇ ਡੋਪ ਟੈੱਸਟ ਕਰਵਾਏ ਜਾਣਗੇ। ਦੋਸਤੋ, ਜਿਹੜੀ ਗੱਲ ਅਸੀਂ ਅੱਜ ਇਸ ਲੇਖ ਵਿੱਚ ਕਰਨ ਜਾ ਰਹੇ ਹਾਂ ਸ਼ਾਇਦ ਹੀ ਤੁਸੀਂ ਅਜਿਹੀ ਗੱਲ ਕਦੀ ਪਹਿਲੋਂ ਸੁਣੀ ਹੋਏ ਜਾਂ ਫਿਰ ਪੜ੍ਹੀ ਹੋਵੇ। ਅੱਜ ਫ਼ਿਰੋਜ਼ਪੁਰ ਦੇ ਪਿੰਡ ਵੱਲੀਆਂ ਦਾ ਰਹਿਣ ਵਾਲਾ ਵਿਅਕਤੀ ਸੁਰਜੀਤ ਕੁਮਾਰ ਨਸ਼ੇ ਦੀ ਭੇਂਟ ਚੜ ਗਿਆ। 

ਦੋਸਤੋ, ਤੁਹਾਨੂੰ ਦੱਸ ਦੇਈਏ ਕਿ ਸੁਰਜੀਤ ਕੁਮਾਰ ਸਮੇਤ ਫ਼ਿਰੋਜ਼ਪੁਰ ਵਿੱਚ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ 10 ਹੋ ਗਈ ਹੈ। ਜਿਵੇਂ ਹੀ ਅੱਜ ਸੁਰਜੀਤ ਕੁਮਾਰ ਦੀ ਨਸ਼ੇ ਕਾਰਨ ਹੋਈ ਮੌਤ ਦਾ ਪਤਾ 'ਨਿਊਜ਼ ਨੰਬਰ' ਨੂੰ ਲੱਗਿਆ ਤਾਂ 'ਨਿਊਜ਼ ਨੰਬਰ' ਵੱਲੋਂ ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਵਾਸਤੇ ਪਿੰਡ ਵੱਲੀਆਂ ਵਿਖੇ ਪਹੁੰਚ ਕੀਤੀ ਗਈ। 'ਨਿਊਜ਼ ਨੰਬਰ' ਨਾਲ ਗੱਲਬਾਤ ਕਰਦਿਆਂ ਮ੍ਰਿਤਕ ਸੁਰਜੀਤ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਨੇ ਕਈ ਖ਼ੁਲਾਸੇ ਕੀਤੇ ਅਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਦੋਸ਼ ਲਗਾਏ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਏ ਕਿ ਸੁਰਜੀਤ ਕੁਮਾਰ ਪਿਛਲੇ ਕੁਝ ਸਾਲ ਤੋਂ ਨਸ਼ੇ ਦਾ ਆਦੀ ਹੋਣ ਕਾਰਨ ਆਪਣੇ ਘਰ ਦਾ ਸਮਾਨ ਵੇਚ ਆਪਣੇ ਨਸ਼ੇ ਦੀ ਪੂਰਤੀ ਕਰ ਰਿਹਾ ਸੀ। 

ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਪਿੰਡ ਵਿੱਚ ਹੀ ਨਸ਼ੇ ਦੇ ਸੌਦਾਗਰ ਪਹੁੰਚ ਕੇ ਨੌਜਵਾਨਾਂ ਨੂੰ ਲਗਾਤਾਰ ਗੁਮਰਾਹ ਕਰਕੇ ਨਸ਼ੇ ਦੀ ਸਪਲਾਈ ਕਰ ਰਹੇ ਹਨ। ਪਰਿਵਾਰ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਈ ਦੋਧੀ ਜੋ ਦੁੱਧ ਲੈਣ ਵਾਸਤੇ ਆਉਂਦੇ ਹਨ, ਉਹ ਹੀ ਬਾਹਰੋਂ ਨਸ਼ਾ ਲਿਆ ਕੇ ਪਿੰਡ ਦੇ ਨੌਜਵਾਨਾਂ ਨੂੰ ਸਪਲਾਈ ਕਰਦੇ ਹਨ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਿਹੜੇ ਲੋਕ ਨਸ਼ਾ ਵੇਚਦੇ ਹਨ? ਇਸ ਸਬੰਧੀ ਪੁਲਿਸ ਨੂੰ ਵੀ ਉਨ੍ਹਾਂ ਦੇ ਵੱਲੋਂ ਸੂਚਿਤ ਕੀਤਾ ਜਾ ਚੁੱਕਿਆ ਹੈ।

ਪਰ..!! ਹਾਲੇ ਤੱਕ ਪੁਲਿਸ ਵੱਲੋਂ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਇਹ ਵੀ ਲਗਾਇਆ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਨੌਜਵਾਨ ਆਪਣੀਆਂ ਜਾਨਾਂ ਗਵਾ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਸਾਰੇ ਨਸ਼ਿਆਂ ਦੀ ਸਪਲਾਈ ਪੂਰਨ ਤੌਰ 'ਤੇ ਬੰਦ ਕਰਵਾਈ ਜਾਵੇ ਅਤੇ ਜੇਕਰ ਕੋਈ ਨਸ਼ਾ ਵੇਚਦਿਆਂ ਫੜਿਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਦਿਆਂ ਅਜਿਹੀਆਂ ਧਰਾਵਾਂ ਲਗਾ ਕੇ ਮੁਕੱਦਮੇ ਦਰਜ ਕੀਤੇ ਜਾਣ ਕਿ ਉਕਤ ਨਸ਼ਾ ਸਪਲਾਈ ਕਰਨ ਵਾਲਾ ਅੱਗੇ ਤੋਂ ਨਸ਼ੇ ਦਾ ਧੰਦਾ ਕਰਨਾ ਬੰਦ ਕਰ ਦੇਵੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।