ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਇੱਕ ਹੋਰ ਵਿਅਕਤੀ ਨੇ ਨਸ਼ੇ ਕਾਰਨ ਤੋੜਿਆ ਦਮ..!!!

Last Updated: Jul 09 2018 15:58

ਸਰਕਾਰ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਜਾਣ ਤੋਂ ਨਹੀਂ ਰੋਕ ਪਾ ਰਹੀ। ਤਾਜ਼ਾ ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਵਿੱਚ ਅੱਜ ਪਿੰਡ ਵੱਲੀਆਂ ਦੇ ਵਸਨੀਕ ਸੁਰਜੀਤ ਕੁਮਾਰ ਨੇ ਨਸ਼ੇ ਕਾਰਨ ਦਮ ਤੋੜ ਦਿੱਤਾ। ਫਿਰੋਜ਼ਪੁਰ ਦੇ ਵਿੱਚ ਨਸ਼ੇ ਕਾਰਨ ਹੋਈਆਂ ਮੌਤਾਂ ਦਾ ਅੰਕੜਾ 10 ਤੱਕ ਪਹੁੰਚ ਗਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਸਮੇਤ ਦੋ ਨੰਨੇ ਬੱਚਿਆਂ ਨੂੰ ਛੱਡ ਗਿਆ।

ਪਰਿਵਾਰਿਕ ਮੈਂਬਰਾਂ ਮੁਤਾਬਿਕ ਸੁਰਜੀਤ ਕੁਮਾਰ ਨਸ਼ੇ ਦਾ ਪਿਛਲੇ ਕਈ ਸਾਲਾਂ ਤੋਂ ਆਦੀ ਸੀ ਅਤੇ ਘਰ ਦਾ ਸਾਰਾ ਸਾਮਾਨ ਨਸ਼ੇ ਦੀ ਪੂਰਤੀ ਕਰਨ ਲਈ ਵੇਚ ਚੁੱਕਿਆ ਸੀ ਅਤੇ ਹੁਣ ਉਸ ਕੋਲ ਕੁਝ ਵੀ ਨਹੀਂ ਸੀ ਬਚਿਆ। ਨਸ਼ਾ ਨਾ ਮਿਲਣ ਕਾਰਨ ਸੁਰਜੀਤ ਕੁਮਾਰ ਦੀ ਹਾਲਤ ਪਿਛਲੇ ਦੋ ਦਿਨਾਂ ਤੋਂ ਖਰਾਬ ਹੋ ਗਈ ਸੀ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ।