ਪੀ.ਆਰ.ਟੀ.ਸੀ. ਵਾਲਿਆਂ ਨੇ ਕੱਢੀ ਨਸ਼ਿਆਂ ਖ਼ਿਲਾਫ਼ ਰੈਲੀ!

Last Updated: Jul 09 2018 15:27

ਅੱਜ ਪਟਿਆਲਾ ਵਿੱਚ ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ (ਏਟਕ) ਪਟਿਆਲਾ ਦੀ ਅਗਵਾਈ ਵਿੱਚ ਪੀ.ਆਰ.ਟੀ.ਸੀ. ਦੇ ਸੈਂਕੜੇ ਹੀ ਵਰਕਰਾਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਚੱਲ ਰਹੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਰੋਸ ਮਾਰਚ ਕਰਨ ਉਪਰੰਤ ਬੱਸ ਅੱਡਾ ਪਟਿਆਲਾ ਦੇ ਮੁੱਖ਼ ਗੇਟ ਤੇ ਰੈਲੀ ਕੀਤੀ। ਇਸ ਮੌਕੇ ਤੇ ਯੂਨੀਅਨ ਨੇ ਆਮ ਜਨਤਾ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੀਤਾ।

ਇਸ ਮੌਕੇ ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਅਤੇ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ, ਭਿੰਦਰ ਸਿੰਘ, ਮੁਹੰਮਦ ਖਲੀਲ ਅਤੇ ਰਮੇਸ਼ ਕੁਮਾਰ ਨੇ ਸੂਬੇ ਦੀ ਅਵਾਮ ਲਈ ਸੁਨੇਹਾ ਛੱਡਿਆ ਕਿ, ਤਾਕਤਵਰ ਸਿਆਸੀ ਲੀਡਰਾਂ ਤੇ ਪੁਲਿਸ ਪ੍ਰਸ਼ਾਸਨ ਵਿਚਲੀਆਂ ਕਾਲੀਆਂ ਭੇਡਾਂ ਦਾ ਨਸ਼ਾ ਤਸਕਰਾਂ ਨਾਲ ਚੱਲ ਰਹੀ ਭਾਈਵਾਲਤਾ ਨੂੰ ਸਖ਼ਤੀ ਨਾਲ ਕੁਚਲਣ ਲਈ ਲੋਕਾਂ ਨੂੰ ਇਕੱਠੇ ਹੋਕੇ ਸੰਘਰਸ਼ ਛੇੜਨਾ ਚਾਹੀਦਾ ਹੈ, ਤਾਂ ਜੋ ਸਰਕਾਰ ਨੂੰ ਅਜਿਹੇ ਲੋਕਾਂ ਦੇ ਖ਼ਿਲਾਫ਼ ਕਾਰਵਾਈ ਲਈ ਮਜਬੂਰ ਕੀਤਾ ਜਾ ਸਕੇ।

ਆਗੂਆਂ ਨੇ ਆਖਿਆ ਕਿ ਮੁੱਖ ਮੰਤਰੀ ਸਮੇਤ ਮੰਤਰੀ, ਵਿਧਾਇਕ, ਸੰਸਦ ਮੈਂਬਰ ਅਤੇ ਉੱਚ ਅਧਿਕਾਰੀਆਂ ਦੇ ਡੌਪ ਟੈਸਟ ਕਰਵਾਕੇ ਸਹੀ ਅੰਕੜਾ ਲੋਕਾਂ ਮੂਹਰੇ ਪੇਸ਼ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਆਗੂਆਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ, ਸਾਨੂੰ ਸਭਨਾਂ ਨੂੰ ਮਿਲਕੇ ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।