ਪਤੀ-ਪਤਨੀ ਦੇ ਕੋਲੋਂ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਬਰਾਮਦ ਕਰਨ ਦਾ ਪੁਲਿਸ ਨੇ ਕੀਤਾ ਦਾਅਵਾ..!!!

Last Updated: Jul 09 2018 12:56

ਥਾਣਾ ਗੁਰੂਹਰਸਹਾਏ ਪੁਲਿਸ ਨੇ ਨਾਕੇਬੰਦੀ ਦੇ ਦੌਰਾਨ ਪਿੰਡ ਛਾਂਗਾ ਰਾਏ ਦੇ ਰਹਿਣ ਵਾਲੇ ਪਤੀ-ਪਤਨੀ ਨੂੰ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕੀਤਾ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਪੁਲ ਨਹਿਰ ਪਿੰਡ ਨਨਾਰੀ ਖੋਖਰ ਕੋਲ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਪੁਲਿਸ ਪਾਰਟੀ ਨੇ ਇੱਕ ਮੋਟਰਸਾਈਕਲ ਡਿਸਕਵਰ ਨੂੰ ਰੋਕਿਆ, ਜਿਸ 'ਤੇ ਇੱਕ ਔਰਤ ਤੇ ਮਰਦ ਸਵਾਰ ਸਨ।

ਪੁਲਿਸ ਨੇ ਦਾਅਵਾ ਕਰਦਿਆਂ ਦੱਸਿਆ ਕਿ ਸ਼ੱਕ ਦੇ ਤਹਿਤ ਜਦੋਂ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 1010 ਨਸ਼ੀਲੀਆਂ ਗੋਲੀਆਂ ਅਤੇ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਏਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤੇ ਔਰਤ ਤੇ ਮਰਦ ਦੀ ਪਛਾਣ ਸਤਨਾਮ ਸਿੰਘ ਪੁੱਤਰ ਬੂੜ ਸਿੰਘ ਅਤੇ ਕੈਲਾਸ਼ ਰਾਣੀ ਪਤਨੀ ਸਤਨਾਮ ਸਿੰਘ ਵਾਸੀਅਨ ਛਾਂਗਾ ਰਾਏ ਉਤਾੜ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋਵਾਂ ਦੇ ਖ਼ਿਲਾਫ਼ 21, 22, 61, 85 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।