ਡਿਪਟੀ ਕਮਿਸ਼ਨਰ ਵੱਲੋਂ ਪੀ.ਏ.ਯੂ ਖੇਤਰੀ ਖੋਜ ਸਟੇਸ਼ਨ ਦਾ ਦੌਰਾ

Last Updated: Jul 08 2018 19:10

ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੇ ਪੀ.ਏ.ਯੂ ਖੇਤਰੀ ਖੋਜ ਸਟੇਸ਼ਨ ਦਾ ਦੌਰਾ ਕਰਕੇ ਉੱਥੇ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ ਵੀ ਉਨ੍ਹਾਂ ਦੇ ਨਾਲ ਸਨ। ਸਟੇਸ਼ਨ ਡਾਇਰੈਕਟਰ ਡਾ. ਪਰਮਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਖੋਜ ਸਟੇਸ਼ਨ, ਇਸ ਦੀ ਮਹੱਤਤਾ ਅਤੇ ਹੁਣ ਤੱਕ ਕੀਤੇ ਖੋਜ ਕਾਰਜਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡੀ.ਸੀ ਤਇਅਬ ਨੇ ਇਸ ਦੌਰਾਨ ਗੰਨੇ ਸਬੰਧੀ ਕੀਤੇ ਗਏ ਖੋਜ ਕਾਰਜਾਂ ਵਿੱਚ ਬੇਹੱਦ ਰੁਚੀ ਲਈ, ਜਿਸ ਸਬੰਧੀ ਪ੍ਰਿੰਸੀਪਲ ਵਿਗਿਆਨੀ ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਉਨ੍ਹਾਂ ਨੂੰ ਗੰਨੇ ਸਬੰਧੀ ਖੋਜ ਅਤੇ ਵਿਕਾਸ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।

ਸੀਨੀਅਰ ਵਿਗਿਆਨੀ ਡਾ. ਓਂਕਾਰ ਸਿੰਘ ਨੇ ਸਟੇਸ਼ਨ ਵਿੱਚ ਵੱਖ-ਵੱਖ ਫ਼ਸਲਾਂ ਦੇ ਚਲਾਏ ਜਾ ਰਹੇ ਬੀਜ ਉਤਪਾਦਨ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਟੇਸ਼ਨ ਦੀ ਪੈਥੋਲੋਜੀ ਲੈਬ, ਮਿਊਜ਼ੀਅਮ ਅਤੇ ਪ੍ਰਯੋਗੀ ਪਲਾਟਾਂ ਦਾ ਵੀ ਦੌਰਾ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਗੰਨਾ ਸੁਧਾਰ ਅਤੇ ਜ਼ਿਲ੍ਹੇ ਦੇ ਸੇਮਗ੍ਰਸਤ ਹਾਲਾਤ ਲਈ ਢੁਕਦੀਆਂ ਫ਼ਸਲਾਂ ਲਈ ਟਿਸ਼ੂ ਕਲਚਰ ਅਤੇ ਸਾਈਟੋਜੈਨੇਟਿਕ ਸਟੱਡੀ ਦੀਆਂ ਸਹੂਲਤਾਂ 'ਤੇ ਜ਼ੋਰ ਦਿੱਤਾ। ਉਨ੍ਹਾਂ ਸਟੇਸ਼ਨ ਵੱਲੋਂ ਕੀਤੇ ਖੋਜ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।