ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਵਿਜੀਲੈਂਸ ਨਿਤਰੀ ਮੈਦਾਨ 'ਚ

Last Updated: Jul 08 2018 12:39

ਨਜਾਇਜ਼ ਮਾਈਨਿੰਗ ਨੂੰ ਠੱਲ ਪਾਉਣ ਲਈ ਵਿਜੀਲੈਂਸ ਬਿਊਰੋ ਵੱਲੋਂ ਜ਼ਿਲ੍ਹੇ ਦੇ ਕ੍ਰੇਸ਼ਰਾਂ ਤੇ ਸਟਾਕ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੇ ਚਲਦੇ ਐਸ.ਐਸ.ਪੀ ਵਿਜੀਲੈਂਸ ਆਰ.ਕੇ ਬਖਸ਼ੀ ਨੇ ਪਠਾਨਕੋਟ ਦੇ ਮੀਰਥਲ, ਕੀੜੀ ਅਤੇ ਹੋਰਨਾਂ ਮਾਈਨਿੰਗ ਬੈਲਟ ਵਿਖੇ ਚੈਕਿੰਗ ਕੀਤੀ। ਐਸ.ਐਸ.ਪੀ ਵੱਲੋਂ ਕਰੇਸ਼ਰਾਂ ਤੇ ਸਟਾਕ ਦੀ ਡਿਟੇਲ ਚੈਕ ਕੀਤੀ ਗਈ ਅਤੇ ਨਾਲ ਹੀ ਸਟਾਕ ਬਾਰੇ ਪੁੱਛਗਿੱਛ ਵੀ ਕੀਤੀ ਗਈ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਮਾਈਨਿੰਗ ਵਿਭਾਗ ਨੇ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਮਦਦ ਨਾ ਮਿਲਣ ਦੀ ਵਜਾ ਨਾਲ ਮਾਮਲਾ ਸਰਕਾਰ ਪੱਧਰ ਤੇ ਚੁੱਕਿਆ ਸੀ, ਜਿਸ ਦੇ ਬਾਅਦ ਵਿਜੀਲੈਂਸ ਬਿਊਰੋ ਨੂੰ ਚੈਕਿੰਗ ਲਈ ਮਾਈਨਿੰਗ ਖੱਡਾਂ ਵਿਖੇ ਉਤਾਰਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਸਾਰੀ ਰਿਪੋਰਟ ਮੁੱਖਮੰਤਰੀ ਨੂੰ ਸੋਂਪੀ ਜਾਵੇਗੀ ਕਿ ਜ਼ਿਲ੍ਹੇ 'ਚ ਸਿਆਸੀ ਦਵਾਬ ਹੇਠ ਕੀਤੇ ਨਾਜਾਇਜ਼ ਮਾਈਨਿੰਗ ਤਾਂ ਨਹੀਂ ਹੋ ਰਹੀ। 

ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਅਦ ਰਵੀ ਬੈਲਟ ਤੇ ਚੱਕੀ ਬੈਲਟ ਵਿਖੇ ਮਾਈਨਿੰਗ ਠੇਕੇ ਹੋਏ ਸਨ ਰੱਦ 

ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਅਦ ਜ਼ਿਲ੍ਹਾ ਪਠਾਨਕੋਟ ਦੇ ਰਵੀ ਦਰਿਆ ਬੈਲਟ ਵਿਖੇ ਵੇਹੜਿਆਂ, ਸ਼ਹਿਰ ਛੰਨੀ, ਚੱਕ ਹਰਿਰਾਏ, ਦਲਪਤ ਅਤੇ ਚੱਕੀ ਬੈਲਟ ਵਿਖੇ ਮਾਮੁਨ, ਬਰਸੁਨ, ਤਰਹੇਟੀ, ਨਾਰੰਗਪੁਰ, ਤਲਵਾੜਾ-ਜੱਟਾਂ, ਕੰਡਰਾਂ ਅਤੇ ਨਲੂਗਾ ਖੱਡਾਂ ਦੇ ਠੇਕੇ ਨੂੰ ਰੱਦ ਕੀਤਾ ਗਿਆ ਸੀ। ਜਿਸ ਦੇ ਚਲਦੇ ਸ਼ਿਕਾਇਤ ਮਿਲੀ ਸੀ ਕਿ ਸੂਬਾ ਸਰਕਾਰ ਵੱਲੋਂ ਮਾਈਨਿੰਗ ਤੇ ਪੂਰਨ ਪਾਬੰਦੀ ਦੇ ਬਾਵਜੂਦ ਮੀਰਥਲ, ਕੀੜੀ ਸਮੇਤ ਹੋਰਨਾਂ ਥਾਵਾਂ ਤੇ ਨਜਾਇਜ਼ ਤੋਰ ਤੇ ਮਾਈਨਿੰਗ ਕਾਰਵਾਈ ਜਾ ਰਹੀ ਹੈ। ਜਿਸ ਦੇ ਬਾਅਦ ਵਿਜੀਲੈਂਸ ਦੇ ਐਸ.ਐਸ.ਪੀ ਆਰ.ਕੇ ਬਖਸ਼ੀ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੀਆਂ ਟੀਮਾਂ ਬਣਾ ਉਨ੍ਹਾਂ ਨੂੰ ਮੀਰਥਲ, ਕੀੜੀ ਦੇ ਕਰੇਸ਼ਰਾਂ ਤੇ ਭੇਜ ਸਟਾਕ ਦੀ ਡਿਟੇਲ ਚੈਕ ਕੀਤੀ ਗਈ ਅਤੇ ਨਾਲ ਹੀ ਕਰੈਸ਼ਰ ਮਾਲਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਵਿਜੀਲੈਂਸ ਨੇ ਕਿਹਾ ਕਿ ਸ਼ਿਕਾਇਤ ਦੇ ਅਧਾਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਫਤੀਸ਼ ਪੂਰੀ ਹੋਣ ਤੇ ਕਾਰਵਾਈ ਕੀਤੀ ਜਾਵੇਗੀ।