ਕੀ, ਡੋਪ ਟੈਸਟ 'ਚ ਫ਼ੇਲ੍ਹ ਹੋਣ ਵਾਲਿਆਂ ਖਿਲਾਫ਼ ਕੋਈ ਕਾਰਵਾਈ ਕਰੇਗੀ ਕੈਪਟਨ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 07 2018 15:44

ਨਸ਼ਿਆਂ ਕਾਰਨ ਹੋਈਆਂ ਮੌਤਾਂ ਨੇ ਪੰਜਾਬ ਦੀ ਪੂਰੀ ਸਿਆਸਤ ਵਿੱਚ ਉਥੱਲ ਪੁਥੱਲ ਮਚਾ ਦਿੱਤੀ ਹੈ। ਹਰ ਸਿਆਸੀ ਪਾਰਟੀ ਅਤੇ ਉਨ੍ਹਾਂ ਪਾਰਟੀਆਂ ਨਾਲ ਸਬੰਧਿਤ ਸਿਆਸਤਦਾਨ ਖ਼ੁਦ ਨੂੰ ਦੁੱਧ ਧੋਤਾ ਤੇ ਬਾਕੀਆਂ ਨੂੰ ਚੋਰ ਸਾਬਤ ਕਰਨ ਵਿੱਚ ਮਸ਼ਰੂਫ ਹਨ, ਉਹ ਗੱਲ ਵੱਖ਼ਰੀ ਹੈ ਕਿ ਡੋਪ ਟੈਸਟ ਵਿੱਚ ਫ਼ੇਲ੍ਹ ਹੋ ਜਾਣ ਦਾ ਡਰ ਬਹੁਤਿਆਂ ਨੂੰ ਸਤਾ ਰਿਹਾ ਹੈ, ਪਰ ਬਾਵਜੂਦ ਇਸਦੇ ਉਹ ਇੱਕ-ਦੂਜੇ ਨਾਲੋਂ ਵੱਧ ਉੱਚੀ ਸੁਰ ਅਤੇ ਅਵਾਜ਼ ਵਿੱਚ ਡੋਪ ਟੈਸਟ ਕਰਵਾਉਣ ਲਈ ਕਾਵਾਂ ਰੌਲੀ ਪਾਈ ਜਾ ਰਹੇ ਹਨ। 

ਇਸ ਟੈਸਟ ਵਿੱਚ ਕੌਣ ਅਤੇ ਕਿੰਨੇ ਫ਼ੇਲ੍ਹ ਹੁੰਦੇ ਹਨ ਤੇ ਕਿੰਨੇ ਪਾਸ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਇਸ ਸਭ ਦੇ ਦਰਮਿਆਨ ਮੁੱਖ ਮੰਤਰੀ ਨੇ ਖ਼ੁਦ ਵੀ ਡੋਪ ਟੈਸਟ ਵਿੱਚੋਂ ਗੁਜ਼ਰਨ ਦੀ ਗੱਲ ਆਖ਼ਕੇ ਸਾਰਿਆਂ ਲਈ ਕੰਡੇ ਬੀਜ ਦਿੱਤੇ ਹਨ। ਦੂਜੇ ਪਾਸੇ ਗੱਲ ਕਰੀਏ ਅਗਰ ਅਕਾਲੀ ਦਲ ਦੀ ਤਾਂ, ਇਸ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਅਮਰਿੰਦਰ ਸਿੰਘ ਵੱਲੋਂ ਪੁਲਿਸ ਅਤੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਏ ਜਾਣ ਦੇ ਫ਼ੈਸਲੇ ਦਾ ਸੁਆਗਤ ਤਾਂ ਕੀਤਾ ਹੈ ਪਰ ਫ਼ਿਲਹਾਲ ਉਹ ਖ਼ੁਦ ਇਸ ਟੈਸਟ ਵਿੱਚੋਂ ਗੁਜ਼ਰਨ ਬਾਰੇ ਖ਼ਾਮੋਸ਼ ਹਨ। 

ਅਗਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ, ਇਸਦੇ ਵਿਧਾਇਕ ਅਮਨ ਅਰੋੜਾ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਇਸ ਐਲਾਨ ਦੇ ਤੁਰੰਤ ਬਾਅਦ ਹੀ ਆਪਣਾ ਡੋਪ ਟੈਸਟ ਕਰਵਾ ਕੇ ਦਾਅਵਾ ਠੋਕ ਦਿੱਤਾ ਹੈ ਕਿ, ਆਮ ਆਦਮੀ ਪਾਰਟੀ ਹਰ ਤਰ੍ਹਾਂ ਦੀ ਪ੍ਰੀਖਿਆ 'ਚੋਂ ਗੁਜ਼ਰਨ ਲਈ ਤਿਆਰ ਹੈ। ਆਪਣਾ ਡੋਪ ਟੈਸਟ ਕਰਵਕੇ ਬਾਜੀ ਮਾਰ ਜਾਣ ਦੇ ਬਾਅਦ ਅਰੋੜਾ ਨੇ ਛਾਤੀ ਠੋਕ ਕੇ ਆਖ ਦਿੱਤਾ ਕਿ, ਪੰਜਾਬ ਦੇ 117 ਵਿਧਾਇਕਾਂ ਨੂੰ ਵੀ ਉਨ੍ਹਾਂ ਵਾਂਗ ਹੀ ਆਪੋ ਆਪਣਾ ਡੋਪ ਟੈਸਟ ਕਰਵਾਉਣ ਲਈ ਮੂਹਰੇ ਆਉਣਾ ਚਾਹੀਦਾ ਹੈ, ਜਿਨ੍ਹਾਂ ਵਿੱਚੋਂ ਕਿ ਬਹੁਤੇ ਹਾਲ ਦੀ ਘੜੀ ਇੱਕ-ਦੂਜੇ ਦੇ ਮਗਰ ਛੁਪਦੇ ਹੋਏ ਹੀ ਵਿਖਾਈ ਦੇ ਰਹੇ ਹਨ। 

ਜਾਣਕਾਰਾਂ ਦੀ ਮੰਨੀਏ ਤਾਂ ਡੋਪ ਟੈਸਟ ਕਰਵਾਉਣ ਦੀ ਸਲਾਹ ਦੇਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣਾ ਡੋਪ ਟੈਸਟ ਕਰਵਾਉਣ ਲਈ ਤਾਂ ਮੋਹਾਲੀ ਦੇ ਹਸਪਤਾਲ ਜਰੂਰ ਪਹੁੰਚ ਗਏ ਸਨ ਲੇਕਿਨ ਕਿਸੇ ਕਾਰਨ ਡਾਕਟਰਾਂ ਨੇ ਉਨ੍ਹਾਂ ਦਾ ਇਹ ਟੈਸਟ ਫ਼ਿਲਹਾਲ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੂੰ ਸੋਮਵਾਰ ਮੁੜ ਆਉਣ ਦੀ ਸਲਾਹ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਦੇ ਜਾਰੀ ਸਿਲਸਿਲੇ ਦੌਰਾਨ ਤਕਰੀਬਨ ਇੱਕ ਮਹੀਨੇ ਵਿੱਚ ਹੀ 46 ਨੌਜਵਾਨਾਂ ਦੀ ਮੌਤ ਹੋਣ ਦੀ ਰਿਪੋਰਟ ਹੈ। ਵੇਖ਼ੋ ਆਉਣ ਵਾਲੇ ਦਿਨਾਂ ਵਿੱਚ ਕਿੰਨੇ ਕੁ ਸਿਆਸਤਦਾਨ ਆਪੋ ਆਪਣਾ ਡੋਪ ਟੈਸਟ ਕਰਵਾਉਣ ਲਈ ਮੂਹਰੇ ਆਉਂਦੇ ਹਨ। ਪੰਜਾਬ ਵਿੱਚ ਡੋਪ ਟੈਸਟ ਕਰਵਾਉਣ ਦੀ ਪ੍ਰਕਿਰਿਆ ਤਾਂ ਸ਼ੁਰੂ ਹੋ ਚੁੱਕੀ ਹੈ, ਹੁਣ ਵੇਖਣਾ ਇਹ ਹੋਵੇਗਾ ਕਿ, ਕਿੰਨੇ ਕੁ ਸਿਆਸੀ ਆਗੂ ਇਸ ਟੈਸਟ ਵਿੱਚ ਪਾਸ ਹੁੰਦੇ ਹਨ ਤੇ ਕਿੰਨੇ ਫ਼ੇਲ੍ਹ। ਵੇਖਣਾ ਇਹ ਵੀ ਹੋਵੇਗਾ ਕਿ ਡੋਪ ਟੈਸਟ ਵਿੱਚੋਂ ਫ਼ੇਲ੍ਹ ਹੋਣ ਵਾਲੇ ਸਿਆਸੀ ਆਗੂਆਂ ਤੇ ਕੈਪਟਨ ਸਰਕਾਰ ਕੀ ਐਕਸ਼ਨ ਲੈਂਦੀ ਹੈ, ਲੈਂਦੀ ਹੈ ਵੀ ਜਾਂ ਨਹੀਂ, ਇਹਨਾਂ ਸਵਾਲਾਂ ਦੇ ਜਵਾਬ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।